ਜਰਸੀ ਨੰਬਰ 18 ਨੂੰ ਟੈਸਟ ਕ੍ਰਿਕਟ ਤੋਂ ਮਿਲੇਗੀ ਰਿਟਾਇਰਮੈਂਟ, ਧੋਨੀ ਤੇ ਸਚਿਨ ਤੋਂ ਬਾਅਦ ਵਿਰਾਟ ਨੂੰ ਮਿਲ ਸਕਦਾ ਹੈ ਇਹ ਸਨਮਾਨ

ਭਵਿੱਖ ਵਿੱਚ, ਭਾਰਤੀ ਟੈਸਟ ਟੀਮ ਦਾ ਕੋਈ ਵੀ ਖਿਡਾਰੀ ਮਹਾਨ ਵਿਰਾਟ ਕੋਹਲੀ ਦੀ ਜਰਸੀ ਨੰਬਰ 18 ਨਹੀਂ ਪਹਿਨੇਗਾ ਜੋ ਉਸ ਕੋਲ ਪਿਛਲੇ 14 ਸਾਲਾਂ ਤੋਂ ਹੈ, ਹਾਲਾਂਕਿ ਬੰਗਾਲ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੂੰ ਕੈਂਟਰਬਰੀ ਵਿੱਚ ਇੰਡੀਆ ਏ ਅਤੇ ਇੰਗਲੈਂਡ ਲਾਇਨਜ਼ ਵਿਚਕਾਰ ਪਹਿਲੇ ਅਣਅਧਿਕਾਰਤ ‘ਟੈਸਟ’ ਦੌਰਾਨ ਜਰਸੀ ਨੰਬਰ 18 ਪਹਿਨੇ ਹੋਏ ਦੇਖਿਆ ਗਿਆ ਸੀ।
ਜਰਸੀ ਨੰਬਰ 18 ਦਾ ਟੈਸਟ ਤੋਂ ਸੰਨਿਆਸ
ਵਿਰਾਟ ਕੋਹਲੀ ਨੇ ਅਜੇ ਵੀ ਵਨਡੇ ਤੋਂ ਸੰਨਿਆਸ ਨਹੀਂ ਲਿਆ ਹੈ ਜਿਸ ਵਿੱਚ ਉਹ ਇਸ 18 ਨੰਬਰ ਦੀ ਜਰਸੀ ਵਿੱਚ ਭਾਰਤੀ ਟੀਮ ਲਈ ਖੇਡਦੇ ਹੋਏ ਦਿਖਾਈ ਦੇਣਗੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕੋਈ ਵੀ ਸਚਿਨ ਤੇਂਦੁਲਕਰ (ਜਰਸੀ ਨੰਬਰ 10) ਅਤੇ ਮਹਿੰਦਰ ਸਿੰਘ ਧੋਨੀ (ਜਰਸੀ ਨੰਬਰ 7) ਦੀ ਜਰਸੀ ਨਹੀਂ ਪਹਿਨ ਸਕਦਾ, ਉਸੇ ਤਰ੍ਹਾਂ ਕੋਈ ਵੀ ਨਵਾਂ ਖਿਡਾਰੀ 18 ਨੰਬਰ ਦੀ ਜਰਸੀ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੇਗਾ।
ਮੁਕੇਸ਼ ਇੰਡੀਆ ਏ ਲਈ ਜਰਸੀ ਨੰਬਰ 18 ਵਿੱਚ ਦਿਖਾਈ ਦਿੱਤੇ ਸਨ ਪਰ ਉਹ ਟੈਸਟ ਟੀਮ ਦਾ ਹਿੱਸਾ ਨਹੀਂ ਹਨ ਅਤੇ ਜੇਕਰ ਉਸ ਨੂੰ ਕਿਸੇ ਵੀ ਖਿਡਾਰੀ ਦੀ ਜਗ੍ਹਾ ਚੁਣਿਆ ਜਾਂਦਾ ਹੈ, ਤਾਂ ਵੀ ਉਸਦਾ ਜਰਸੀ ਨੰਬਰ 49 ਹੋਵੇਗਾ ਜੋ ਉਸਨੇ ਵੈਸਟਇੰਡੀਜ਼ ਵਿੱਚ ਆਪਣੀ ਸੀਨੀਅਰ ਟੀਮ ਦੀ ਸ਼ੁਰੂਆਤ ਦੌਰਾਨ ਪਾਇਆ ਸੀ। ਦੋ ਨਵੇਂ ਮੈਂਬਰ ਬੀ ਸਾਈ ਸੁਦਰਸ਼ਨ ਅਤੇ ਅਰਸ਼ਦੀਪ ਸਿੰਘ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਹੋਏ ਹਨ ਪਰ ਉਨ੍ਹਾਂ ਨੂੰ ਦਿੱਤੇ ਗਏ ਜਰਸੀ ਨੰਬਰ ਵੱਖਰੇ ਹਨ।
ਬੋਰਡ ਦਾ ਬਿਆਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, “ਮੁਕੇਸ਼ ਨੇ ਇੰਗਲੈਂਡ ਲਾਇਨਜ਼ ਵਿਰੁੱਧ ਪਹਿਲੇ ‘ਟੈਸਟ’ ਮੈਚ ਵਿੱਚ ਜਰਸੀ ਨੰਬਰ 18 ਪਹਿਨਿਆ ਸੀ। ਪਰ ਭਾਰਤ ਏ ਟੀਮ ਵਿੱਚ ਕੋਈ ਨਿਸ਼ਚਿਤ ਨੰਬਰ ਨਹੀਂ ਹੈ ਕਿਉਂਕਿ ਜਰਸੀ ‘ਤੇ ਕੋਈ ਨਾਮ ਨਹੀਂ ਹੈ। ਕੋਈ ਵੀ ਖਿਡਾਰੀ ਕੋਈ ਵੀ ‘ਰੈਂਡਮ’ ਨੰਬਰ ਚੁਣ ਸਕਦਾ ਹੈ। ਜਰਸੀ ਨੰਬਰ ਸਿਰਫ ਅੰਤਰਰਾਸ਼ਟਰੀ ਮੈਚਾਂ ਲਈ ਵੈਧ ਹੈ।
ਸਚਿਨ-ਧੋਨੀ ਤੋਂ ਬਾਅਦ, ਹੁਣ ਵਿਰਾਟ ਦੀ ਵਾਰੀ?
ਭਾਰਤੀ ਟੀਮ ਵਿੱਚ ਕਿਸੇ ਖਾਸ ਜਰਸੀ ਨੰਬਰ ਨੂੰ ਅਧਿਕਾਰਤ ਤੌਰ ‘ਤੇ ‘ਰਿਟਾਇਰ’ ਕਰਨ ਦੀ ਪ੍ਰਥਾ ਨਹੀਂ ਹੈ, ਪਰ ਕੁਝ ਮਸ਼ਹੂਰ ਨੰਬਰ ਬਾਅਦ ਵਿੱਚ ਟੀਮ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੁਆਰਾ ਨਹੀਂ ਪਹਿਨੇ ਗਏ ਹਨ। ਇੱਕ ਵਾਰ ਸ਼ਾਰਦੁਲ ਠਾਕੁਰ ਨੇ ਸ਼੍ਰੀਲੰਕਾ ਵਿੱਚ ਇੱਕ ਮੈਚ ਵਿੱਚ ਜਰਸੀ ਨੰਬਰ 10 ਪਹਿਨਿਆ ਸੀ, ਪਰ ਖੇਡ ਪ੍ਰੇਮੀਆਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਇਸ ਖਿਡਾਰੀ ਨੂੰ ਆਪਣਾ ਜਰਸੀ ਨੰਬਰ ਬਦਲਣਾ ਪਿਆ। ਜਿੱਥੋਂ ਤੱਕ ਧੋਨੀ ਦਾ ਸਵਾਲ ਹੈ, ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਿਸੇ ਨੇ ਵੀ ਸੱਤ ਨੰਬਰ ਦੀ ਜਰਸੀ ਨਹੀਂ ਪਹਿਨੀ ਹੈ। ਭਾਰਤੀ ਕ੍ਰਿਕਟ ਵਿੱਚ ਕੋਹਲੀ ਦੇ ਯੋਗਦਾਨ ਅਤੇ ਉਸ ਦੀ ਅਥਾਹ ਪ੍ਰਸਿੱਧੀ ਨੂੰ ਦੇਖਦੇ ਹੋਏ, ਕਿਸੇ ਵੀ ਹੋਰ ਖਿਡਾਰੀ ਨੂੰ ਕਿਸੇ ਵੀ ਫਾਰਮੈਟ ਵਿੱਚ ਜਰਸੀ ਨੰਬਰ 18 ਪਹਿਨਦੇ ਦੇਖਣਾ ਮੁਸ਼ਕਲ ਲੱਗ ਰਿਹਾ ਹੈ।