ਬੱਲੇਬਾਜ਼ੀ ਦੇ ਇਸ ਮਾਮਲੇ ਵਿੱਚ ਹਰਭਜਨ ਤੋਂ ਪਿੱਛੇ ਰਹੇ ਕੋਹਲੀ, ਪ੍ਰਸ਼ੰਸਕਾਂ ਨੂੰ ਨਹੀਂ ਹੋਵੇਗਾ ਯਕੀਨ
ਵਿਰਾਟ ਕੋਹਲੀ ਨੇ ਟੈਸਟ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਪਿਛਲੇ ਸਾਲ ਟੀ-20ਆਈ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਵਿਰਾਟ ਦੇ ਇਸ ਫੈਸਲੇ ਤੋਂ ਪੂਰਾ ਕ੍ਰਿਕਟ ਜਗਤ ਹੈਰਾਨ ਹੈ, ਕਿਉਂਕਿ ਟੀਮ ਇੰਡੀਆ ਨੇ ਅਗਲੇ ਮਹੀਨੇ ਟੈਸਟ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਕਰਨਾ ਹੈ। ਇਸ ਦੇ ਨਾਲ ਹੀ, ਰੋਹਿਤ ਸ਼ਰਮਾ ਨੇ ਵੀ ਹਾਲ ਹੀ ਵਿੱਚ ਟੈਸਟ ਫਾਰਮੈਟ ਛੱਡ ਦਿੱਤਾ ਹੈ। ਵਿਰਾਟ ਦਾ ਟੈਸਟ ਕਰੀਅਰ 14 ਸਾਲ ਚੱਲਿਆ, ਜਿਸ ਦੌਰਾਨ ਉਨ੍ਹਾਂ ਹਜ਼ਾਰਾਂ ਦੌੜਾਂ ਬਣਾਈਆਂ ਅਤੇ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ। ਪਰ ਇੱਕ ਸੂਚੀ ਅਜਿਹੀ ਵੀ ਹੈ ਜਿਸ ਵਿੱਚ ਉਹ 15ਵੇਂ ਨੰਬਰ ‘ਤੇ ਹੈ ਅਤੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਵੀ ਉਨ੍ਹਾਂ ਤੋਂ ਅੱਗੇ ਹੈ
ਵਿਰਾਟ ਬੱਲੇਬਾਜ਼ਾਂ ਦੀ ਇਸ ਸੂਚੀ ਵਿੱਚ 15ਵੇਂ ਨੰਬਰ ‘ਤੇ
ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਵਿੱਚ ਭਾਰਤ ਲਈ ਕੁੱਲ 123 ਮੈਚ ਖੇਡੇ। ਇਸ ਸਮੇਂ ਦੌਰਾਨ, ਉਨ੍ਹਾਂ 46.85 ਦੀ ਔਸਤ ਨਾਲ 9230 ਦੌੜਾਂ ਬਣਾਈਆਂ। ਜਿਸ ਵਿੱਚ 31 ਅਰਧ ਸੈਂਕੜੇ ਅਤੇ 30 ਸੈਂਕੜੇ ਸ਼ਾਮਲ ਸਨ। ਵਿਰਾਟ ਨੇ ਆਪਣੇ ਟੈਸਟ ਕਰੀਅਰ ਦੌਰਾਨ ਕੁੱਲ 1027 ਚੌਕੇ ਵੀ ਲਗਾਏ। ਪਰ ਛੱਕਿਆਂ ਦੇ ਮਾਮਲੇ ਵਿੱਚ ਉਹ ਬਹੁਤ ਪਿੱਛੇ ਰਹਿ ਗਏ। ਉਸਨੇ ਟੈਸਟ ਮੈਚਾਂ ਵਿੱਚ ਕੁੱਲ 30 ਛੱਕੇ ਮਾਰੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਭਾਰਤ ਲਈ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿੱਚ 15ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿੱਚ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਵੀ ਉਨ੍ਹਾਂ ਤੋਂ ਅੱਗੇ ਹਨ।
ਹਰਭਜਨ ਸਿੰਘ ਨੇ ਆਪਣੇ ਟੈਸਟ ਕਰੀਅਰ ਵਿੱਚ ਕੁੱਲ 42 ਛੱਕੇ ਮਾਰੇ ਸੀ। ਦੂਜੇ ਪਾਸੇ, ਟੈਸਟ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਵਰਿੰਦਰ ਸਹਿਵਾਗ ਹੈ। ਵਰਿੰਦਰ ਸਹਿਵਾਗ ਨੇ ਆਪਣੇ ਟੈਸਟ ਕਰੀਅਰ ਵਿੱਚ 91 ਛੱਕੇ ਲਗਾਏ। ਇਸ ਦੇ ਨਾਲ ਹੀ ਰੋਹਿਤ ਸ਼ਰਮਾ 88 ਛੱਕਿਆਂ ਨਾਲ ਦੂਜੇ ਸਥਾਨ ‘ਤੇ ਹਨ। ਐਮਐਸ ਧੋਨੀ ਨੇ ਟੈਸਟ ਮੈਚਾਂ ਵਿੱਚ 78 ਛੱਕੇ ਵੀ ਮਾਰੇ। ਇਨ੍ਹਾਂ ਤੋਂ ਇਲਾਵਾ ਰਵਿੰਦਰ ਜਡੇਜਾ, ਸਚਿਨ ਤੇਂਦੁਲਕਰ, ਕਪਿਲ ਦੇਵ, ਸੌਰਵ ਗਾਂਗੁਲੀ, ਯਸ਼ਸਵੀ ਜੈਸਵਾਲ, ਨਵਜੋਤ ਸਿੰਘ ਸਿੱਧੂ, ਅਜਿੰਕਿਆ ਰਹਾਣੇ, ਮੁਰਲੀ ਵਿਜੇ ਅਤੇ ਸ਼ੁਭਮਨ ਗਿੱਲ ਵੀ ਇਸ ਸੂਚੀ ਵਿੱਚ ਕੋਹਲੀ ਤੋਂ ਅੱਗੇ ਹਨ।