ਮੁੰਬਈ ਦੇ ਜਵੈਲਰ ਨੇ ਹਜ਼ਾਰਾਂ ਲੋਕਾਂ ਨਾਲ ਕੀਤੀ ਠੱਗੀ, ਸਬਜ਼ੀ ਵਾਲੇ ਕਰਕੇ ਸਾਹਮਣੇ ਆਇਆ 13.5 ਕਰੋੜ ਦਾ ਸਕੈਮ

ਅੱਜ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਸਕੈਮ ਕਾਫੀ ਆਮ ਹੋ ਗਏ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਕੈਮ ਭਾਵੇਂ ਔਫ਼ਲਾਈਨ ਹੋਵੇ ਜਾਂ ਔਨਲਾਈਨ, ਜ਼ਿਆਦਾਤਰ ਮਾਮਲੇ ਲਾਲਚ ਕਾਰਨ ਹੀ ਸਫ਼ਲ ਹੁੰਦੇ ਹਨ। ਲਾਲਚ ਦੀ ਅਜਿਹੀ ਹੀ ਇੱਕ ਮਿਸਾਲ ਮੁੰਬਈ ਵਿੱਚ ਵੀ ਸਾਹਮਣੇ ਆਈ ਹੈ। ਜਿੱਥੇ ਇੱਕ ਜੌਹਰੀ ਨੇ ਲੋਕਾਂ ਨੂੰ 520 ਫ਼ੀਸਦੀ ਤੱਕ ਰਿਟਰਨ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਫਸਾ ਕੇ ਕਰੋੜਾਂ ਰੁਪਏ ਹੜੱਪ ਲਏ। ਜਿਊਲਰਾਂ ਦੇ ਇਸ ਜਾਲ ‘ਚ ਹਜ਼ਾਰਾਂ ਲੋਕ ਫਸ ਗਏ ਸਨ ਪਰ ਇਸ ਗੱਲ ਦਾ ਖੁਲਾਸਾ ਇਕ ਸਬਜ਼ੀ ਵਿਕਰੇਤਾ ਨੇ ਕੀਤਾ ਹੈ ਅਤੇ ਉਸ ਨੇ ਦੋਸ਼ੀ ਜੌਹਰੀ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਤੋਂ ਬਾਅਦ ਇਹ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਆਓ ਜਾਣਦੇ ਹਾਂ ਇਸ ਬਾਰੇ…
ਮੁੰਬਈ ਦੀ ਸ਼ਿਵਾਜੀ ਪਾਰਕ ਪੁਲਿਸ ਨੇ ਟੋਰੇਸ ਜਵੈਲਰਜ਼ ਦੇ ਡਾਇਰੈਕਟਰਾਂ ਅਤੇ ਸੀਈਓ ਵਿਰੁੱਧ ਐਫ਼ਆਈਆਰ ਦਰਜ ਕੀਤੀ ਹੈ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਨਿਵੇਸ਼ਕਾਂ ਨਾਲ 13.48 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਇਹ ਸ਼ਿਕਾਇਤ ਨਰੀਮਨ ਪੁਆਇੰਟ ਦੇ ਇਕ ਸਬਜ਼ੀ ਵਿਕਰੇਤਾ ਨੇ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਕੰਪਨੀ ਦੇ ਦਾਦਰ ਦਫ਼ਤਰ ਦੇ ਬਾਹਰ ਨਿਵੇਸ਼ਕਾਂ ਦੀ ਭੀੜ ਇਕੱਠੀ ਹੋ ਗਈ। ਉਹ ਆਪਣੀ ਨਿਵੇਸ਼ ਕੀਤੀ ਰਕਮ ਵਾਪਸ ਕਰਨ ਦੀ ਮੰਗ ਕਰ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਜਿਊਲਰਾਂ ਨੇ ਚੰਗੇ ਰਿਟਰਨ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ ਗਿਆ।
ਸ਼ਟਰ ਬੰਦ ਕਰ ਭੱਜ ਗਏ ਨਿਵੇਸ਼ਕ: ਮੀਰਾ ਭਾਇੰਦਰ ਖੇਤਰ ਦੇ ਹਜ਼ਾਰਾਂ ਨਿਵੇਸ਼ਕਾਂ ਨੂੰ ਠੱਗੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਹ ਜੌਹਰੀ ਦੀ ਦੁਕਾਨ ਉੱਤੇ ਗਏ ਤੇ ਉੱਥੇ ਤਾਲਾ ਲੱਗਿਆ ਦੇਖਿਆ। ਟੋਰੇਸ ਜਵੈਲਰਜ਼ ਕੰਪਨੀ 2023 ਵਿੱਚ ਪਲੈਟੀਨਮ ਹਰੇਨ ਪ੍ਰਾਈਵੇਟ ਲਿਮਟਿਡ ਦੇ ਤਹਿਤ ਰਜਿਸਟਰ ਕੀਤੀ ਗਈ ਸੀ। 2024 ਵਿੱਚ, ਇਸ ਨੇ ਦਾਦਰ ਵਿੱਚ ਇੱਕ ਵੱਡਾ ਆਊਟਲੈੱਟ ਖੋਲ੍ਹਿਆ ਅਤੇ ਬਾਅਦ ਵਿੱਚ ਮੀਰਾ-ਭਾਇੰਦਰ ਸਮੇਤ ਹੋਰ ਸਥਾਨਾਂ ਤੱਕ ਫੈਲਾਇਆ। ਟੋਰੇਸ ਜਵੈਲਰ ਨੇ ਸੋਨੇ, ਚਾਂਦੀ ਅਤੇ ਮੋਇਸਾਨਾਈਟ ਦੀ ਖਰੀਦ ‘ਤੇ ਉੱਚ ਰਿਟਰਨ ਦਾ ਵਾਅਦਾ ਕੀਤਾ। ਕੰਪਨੀ ਨੇ ਸੋਨੇ ‘ਤੇ 48% ਸਾਲਾਨਾ ਰਿਟਰਨ, ਚਾਂਦੀ ‘ਤੇ 96% ਅਤੇ ਮੋਇਸਾਨਾਈਟ ‘ਤੇ 520% ਹਰ ਹਫ਼ਤੇ ਕਿਸ਼ਤਾਂ ਵਜੋਂ ਅਦਾ ਕਰਨ ਦਾ ਵਾਅਦਾ ਕੀਤਾ ਸੀ। ਫਿਲਹਾਲ ਪਿਛਲੇ ਦੋ ਹਫ਼ਤਿਆਂ ਤੋਂ ਰਿਟਰਨ ਆਉਣੀ ਬੰਦ ਹੋ ਗਈ ਸੀ, ਜਿਸ ਕਾਰਨ ਨਿਵੇਸ਼ਕ ਘਬਰਾਏ ਹੋਏ ਹਨ।
ਹਰ ਹਫ਼ਤੇ 11 ਫ਼ੀਸਦੀ ਰਿਟਰਨ ਦਾ ਦਾਅਵਾ ਕੀਤਾ ਗਿਆ ਸੀ
ਕੰਪਨੀ ਨੇ ਨਿਵੇਸ਼ਕਾਂ ਨੂੰ ਮੋਇਸਾਨਾਈਟ ‘ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨੇ 8% ਤੋਂ 11% ਪ੍ਰਤੀ ਹਫ਼ਤੇ ਦੇ ਸਭ ਤੋਂ ਵੱਧ ਰਿਟਰਨ ਦੀ ਪੇਸ਼ਕਸ਼ ਕਰਨ ਦਾ ਦਾਅਵਾ ਕੀਤਾ ਸੀ। ਪਲੈਟੀਨਮ ਹਰੇਨ ਪ੍ਰਾਈਵੇਟ ਲਿਮਟਿਡ ਦਾ ਓਪੇਰਾ ਹਾਊਸ ਬਿਲਡਿੰਗ, ਗਿਰਗਾਓਂ ਵਿਖੇ ਸੂਚੀਬੱਧ ਆਪਣਾ ਰਜਿਸਟਰਡ ਦਫ਼ਤਰ ਹੈ। ਇਸ ਵਿੱਚ ਨਿਰਦੇਸ਼ਕ ਵਜੋਂ ਇਮਰਾਨ ਜਾਵੇਦ, ਸਰਵੇਸ਼ ਸੁਰਵੇ ਅਤੇ ਓਲੇਨਾ ਸਟਾਈਨ ਸ਼ਾਮਲ ਹਨ। ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਵੈਸ਼ਿਆ ਨੇ ਦੋਸ਼ ਲਾਇਆ ਹੈ ਕਿ ਇਹ ਧੋਖਾਧੜੀ 21 ਜੂਨ 2024 ਤੋਂ 30 ਦਸੰਬਰ 2024 ਦਰਮਿਆਨ ਹੋਈ ਹੈ। ਪ੍ਰਦੀਪ ਕੁਮਾਰ ਅਤੇ ਛੇ ਹੋਰ ਨਿਵੇਸ਼ਕਾਂ ਨੇ ਕਿਹਾ ਕਿ ਸ਼ੁਰੂ ਵਿੱਚ ਕੰਪਨੀ ਨੇ ਰਿਟਰਨ ਦਿੱਤਾ, ਜਿਸ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ। ਸਾਰੇ ਭੁਗਤਾਨ, ਮੂਲ ਰਕਮ ਸਮੇਤ, 30 ਦਸੰਬਰ, 2024 ਤੋਂ ਬਾਅਦ ਬੰਦ ਹੋ ਗਏ ਹਨ।
ਕੰਪਨੀ ਦੇ ਮਾਲਕ ਵਿਦੇਸ਼ ਭੱਜੇ: ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਦਾ ਮਾਲਕ ਵਿਦੇਸ਼ ਵਿੱਚ ਹੋ ਸਕਦਾ ਹੈ ਅਤੇ ਧੋਖਾਧੜੀ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਹੋਰ ਸਹਿਯੋਗੀਆਂ ਅਤੇ ਸਪਲਾਇਰਾਂ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਟੋਰੇਸ ਜਵੈਲਰਜ਼ ਨੇ ਆਪਣੀ ਵੈੱਬਸਾਈਟ ‘ਤੇ ਸੀਈਓ ਤੌਫ਼ੀਕ ਰਿਆਜ਼ ਅਤੇ ਚਾਰਟਰਡ ਅਕਾਊਂਟੈਂਟ ਅਭਿਸ਼ੇਕ ਗੁਪਤਾ ‘ਤੇ ਚੋਰੀ ਅਤੇ ਤੋੜ-ਫ਼ੋੜ ਦਾ ਦੋਸ਼ ਲਗਾਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਦੋਵਾਂ ਨੇ ਮਿਲ ਕੇ ਉਸ ਦੀ ਇੱਕ ਜਿਊਲਰੀ ਸ਼ਾਪ ਵਿੱਚ ਚੋਰੀ ਦੀ ਸਾਜ਼ਿਸ਼ ਰਚੀ ਸੀ। ਵੈੱਬਸਾਈਟ ‘ਤੇ ਸੀਸੀਟੀਵੀ ਫੁਟੇਜ ਦਿਖਾਈ ਗਈ ਹੈ, ਜਿਸ ਵਿੱਚ ਰਿਆਜ਼ ਅਤੇ ਗੁਪਤਾ ਕਥਿਤ ਤੌਰ ‘ਤੇ ਕੀਮਤੀ ਸਾਮਾਨ ਚੋਰੀ ਕਰਦੇ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦੇਖੇ ਜਾ ਸਕਦੇ ਹਨ। ਫਿਲਹਾਲ ਪੁਲਿਸ ਸੱਚਾਈ ਦਾ ਪਤਾ ਲਗਾ ਰਹੀ ਹੈ।