BPL ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੀ ਹੋਵੇਗੀ ਛਾਂਟੀ, ਸਰਕਾਰ ਕਰੇਗੀ ਵੱਡੇ ਬਦਲਾਅ – News18 ਪੰਜਾਬੀ

Himachal BPL Family ration card: ਹਿਮਾਚਲ ਪ੍ਰਦੇਸ਼ ਵਿੱਚ ਬੀਪੀਐਲ ਪਰਿਵਾਰਾਂ ਦੀ ਛਾਂਟੀ ਕੀਤੀ ਜਾਵੇਗੀ ਅਤੇ ਅਯੋਗ ਪਰਿਵਾਰਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਬੀਪੀਐਲ ਪਰਿਵਾਰਾਂ ਦੀ ਸੂਚੀ ਵਿੱਚ ਸੋਧ ਦੀ ਪ੍ਰਕਿਰਿਆ ਅਪ੍ਰੈਲ 2025 ਤੋਂ ਕੀਤੀ ਜਾਵੇਗੀ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਸ਼ਿਮਲਾ ਵਿੱਚ ਇਹ ਫੈਸਲਾ ਲਿਆ। ਮੁੱਖ ਮੰਤਰੀ ਨੇ ਇਹ ਫੈਸਲਾ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਦੀ ਸਮੀਖਿਆ ਮੀਟਿੰਗ ਵਿੱਚ ਲਿਆ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਬੀਪੀਐਲ ਪਰਿਵਾਰ ਸਾਧਨ ਸੰਪੰਨ ਸਨ ਅਤੇ ਉਨ੍ਹਾਂ ਦੇ ਘਰਾਂ ਵਿੱਚ ਏਸੀ ਅਤੇ ਕਾਰਾਂ ਵੀ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਪੀਐਲ ਸੂਚੀ ਵਿੱਚ ਸਿਰਫ਼ ਯੋਗ ਪਰਿਵਾਰਾਂ ਨੂੰ ਹੀ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਨਵੇਂ ਮਾਪਦੰਡ ਤਿਆਰ ਕੀਤੇ ਜਾਣ। ਮੁੱਖ ਮੰਤਰੀ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਇਹ ਮਾਪਦੰਡ 5 ਜਨਵਰੀ, 2025 ਤੋਂ ਪਹਿਲਾਂ ਤਿਆਰ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਤੋਂ ਬਾਅਦ ਇਸ ਸਬੰਧੀ ਕੈਬਨਿਟ ਤੋਂ ਪ੍ਰਵਾਨਗੀ ਲਈ ਜਾਵੇਗੀ। ਨਵੇਂ ਦਿਸ਼ਾ-ਨਿਰਦੇਸ਼ ਜਨਵਰੀ 2025 ਵਿੱਚ ਹੋਣ ਵਾਲੀ ਗ੍ਰਾਮ ਸਭਾ ਵਿੱਚ ਆਮ ਜਨਤਾ ਨਾਲ ਸਾਂਝੇ ਕੀਤੇ ਜਾਣਗੇ।
ਇਸ ਲਈ ਗ੍ਰਾਮ ਸਭਾ ਵੱਲੋਂ ਸਿਫ਼ਾਰਸ਼ ਕੀਤੀਆਂ ਬੀਪੀਐਲ ਪਰਿਵਾਰਾਂ ਦੀਆਂ ਸੂਚੀਆਂ ਦੀ ਪੜਤਾਲ ਕਰਨ ਲਈ ਉਪ ਮੰਡਲ ਪੱਧਰ ’ਤੇ ਉਪ ਮੰਡਲ ਅਫ਼ਸਰ ਅਤੇ ਬਲਾਕ ਵਿਕਾਸ ਅਫ਼ਸਰ ਦੀ ਦੋ ਮੈਂਬਰੀ ਕਮੇਟੀ ਬਣਾਈ ਜਾਵੇਗੀ ਤਾਂ ਜੋ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਯੋਗ ਬੀ.ਪੀ.ਐਲ ਪਰਿਵਾਰਾਂ ਦੀ ਸ਼ਨਾਖਤ ਕਰਨ ਲਈ ਇੱਕ ਮਜ਼ਬੂਤ ਤੰਤਰ ਬਣਾਉਣ ‘ਤੇ ਜ਼ੋਰ ਦਿੱਤਾ ਤਾਂ ਜੋ ਇਹ ਪਰਿਵਾਰ ਲਾਭਾਂ ਤੋਂ ਵਾਂਝੇ ਨਾ ਰਹਿ ਜਾਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੀਪੀਐਲ ਪਰਿਵਾਰਾਂ ਦੀ ਚੋਣ ਲਈ ਸਾਲਾਨਾ ਆਮਦਨ ਨੂੰ ਸੋਧਣ ਬਾਰੇ ਵਿਚਾਰ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬੀਪੀਐਲ ਪਰਿਵਾਰਾਂ ਦੀ ਅੰਤਿਮ ਸੂਚੀ ਸਬੰਧੀ ਕੋਈ ਵੀ ਇਤਰਾਜ਼ ਸਬੰਧਤ ਡਿਪਟੀ ਕਮਿਸ਼ਨਰ ਅਤੇ ਡਵੀਜ਼ਨਲ ਕਮਿਸ਼ਨਰ ਨੂੰ ਸੌਂਪਿਆ ਜਾ ਸਕਦਾ ਹੈ, ਉਨ੍ਹਾਂ ਕੋਲ ਇਨ੍ਹਾਂ ਸ਼ਿਕਾਇਤਾਂ ਦੀ ਸਮੀਖਿਆ ਕਰਨ ਅਤੇ ਹੱਲ ਕਰਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਵੱਖ-ਵੱਖ ਉਤਪਾਦਾਂ ਦੀ ਡਿਸਪਲੇਅ ਅਤੇ ਹੋਮ ਡਿਲੀਵਰੀ ਲਈ ਇੱਕ ਵੈੱਬਸਾਈਟ ਵੀ ਲਾਂਚ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਦੇ ਸਕੱਤਰ ਰਾਜੇਸ਼ ਸ਼ਰਮਾ, ਡਾਇਰੈਕਟਰ ਰਾਘਵ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਵਰਨਣਯੋਗ ਹੈ ਕਿ ਪਿਛਲੇ ਦਿਨੀਂ ਬੀ.ਪੀ.ਐਲ ਸ਼੍ਰੇਣੀ ਦੇ ਲੋਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਏ.ਸੀ ਅਤੇ ਵੱਡੇ-ਵੱਡੇ ਕੋਠੀਆਂ ਘਰ ਹੋਣ ਦੀ ਕਾਫੀ ਚਰਚਾ ਹੋਈ ਸੀ। ਇਸ ਸ਼੍ਰੇਣੀ ਵਿਚ ਸਾਧਨਾਂ ਵਾਲੇ ਲੋਕਾਂ ਨੂੰ ਸ਼ਾਮਲ ਕਰਨ ‘ਤੇ ਸਵਾਲ ਉਠਾਏ ਗਏ ਸਨ।