ਲਗਾਤਾਰ ਬੈਠ ਕੇ ਕੰਮ ਕਰਨਾ ਸਿਹਤ ਲਈ ਹੈ ਨੁਕਸਾਨਦਾਇਕ, ਹੋ ਸਕਦੇ ਹੋ ਇਸ ਸਿੰਡਰੋਮ ਦਾ ਸ਼ਿਕਾਰ

ਅੱਜ ਕੱਲ੍ਹ ਸਾਡੀ ਜੀਵਨਸ਼ੈਲੀ ਪੂਰੀ ਤਰ੍ਹਾਂ ਬਦਲ ਗਈ ਹੈ। ਜਿਸ ਕਾਰਨ ਜ਼ਿਆਦਾਤਰ ਲੋਕ ਲਗਾਤਾਰ ਘੰਟਿਆਂ ਬੱਧੀ ਇੱਕ ਥਾਂ ਉੱਤੇ ਬੈਠ ਕੇ ਕੰਮ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕਈ ਘੰਟੇ ਇੱਕ ਥਾਂ ਉੱਤੇ ਬੈਠਣ ਕਾਰਨ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਦਫ਼ਤਰ ਵਿੱਚ ਲਗਾਤਾਰ ਕੰਮ ਕਰਨ ਵਾਲੇ ਲੋਕਾਂ ਵਿੱਚ ਡੈੱਡ ਬੱਟ ਸਿੰਡਰੋਮ (Dead Butt Syndrome) ਆਮ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਅਕਸਰ ਹੀ ਲੋਕ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਸ ਸਿੰਡਰੋਮ ਦਾ ਤੁਹਾਡੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕੋਰੋਨਾ ਤੋਂ ਬਾਅਦ ਘਰ ਤੋਂ ਕੰਮ (work from home) ਕਰਨ ਦਾ ਕਲਚਰ ਬਹੁਤ ਵਧਿਆ ਹੈ। ਜਿਸ ਕਾਰਨ ਜ਼ਿਆਦਾਤਰ ਲੋਕਾਂ ਦਾ ਵਧੇਰੇ ਸਮਾਂ ਘਰ ਅਤੇ ਦਫ਼ਤਰ ਦੇ ਕੰਮ ਕਰਨ ਵਿੱਚ ਹੀ ਲੰਘ ਜਾਂਦਾ ਹੈ। ਉਨ੍ਹਾਂ ਨੂੰ ਆਪਣੇ ਆਪ ਲਈ ਸਮਾਂ ਬਹੁਤ ਘੱਟ ਮਿਲਦਾ ਹੈ। ਉਹ ਆਪਣੇ ਵਰਕਆਊਟ ਲਈ ਵੀ ਸਮਾਂ ਨਹੀਂ ਕੱਢ ਪਾਉਂਦੇ। ਪਰ ਲਗਾਤਾਰ ਕੰਮ ਕਰਨ ਨਾਲ ਤੁਸੀਂ ਡੈੱਡ ਬੱਟ ਸਿੰਡਰੋਮ ਦੇ ਸ਼ਿਕਾਰ ਹੋ ਸਕਦੇ ਹੋ।
ਡੈੱਡ ਬੱਟ ਸਿੰਡਰੋਮ (Dead Butt Syndrome) ਲੰਮਾ ਸਮਾਂ ਇਕ ਸਥਿਤੀ ਵਿੱਚ ਬੈਠ ਕੇ ਕੰਮ ਕਰਨ ਨਾਲ ਹੁੰਦਾ ਹੈ। ਇਸਨੂੰ ਗਲੂਟੀਲ ਐਮਨੇਸੀਆ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕਮਰ ਸੁੰਨ ਹੋ ਜਾਂਦੀ ਹੈ। ਇਸ ਸਿੰਡਰੋਮ ਕਾਰਨ ਕਮਰ ਅਤੇ ਇਸ ਦੇ ਆਲੇ-ਦੁਆਲੇ ਦੇ ਹਿੱਸੇ ਕੁਝ ਸਮੇਂ ਲਈ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਸਮੱਸਿਆ ਵਿੱਚ ਕਮਰ ਦੀ ਹੱਡੀ ਵਿੱਚ ਸੋਜ ਆ ਜਾਂਦੀ ਹੈ। ਅਜਿਹਾ ਖੂਨ ਦੇ ਗੇੜ ਦੇ ਰੁਕਣ ਕਾਰਨ ਹੁੰਦਾ ਹੈ।
ਡੈੱਡ ਬੱਟ ਸਿੰਡਰੋਮ ਦੇ ਲੱਛਣ
ਪਿੱਠ, ਗੋਡਿਆਂ ਅਤੇ ਗਿੱਟਿਆਂ ਵਿੱਚ ਗੰਭੀਰ ਦਰਦ, ਕਮਰ ਦਾ ਦਬਾਅ ਮਹਿਸੂਸ ਹੋਣਾ, ਚੂਲੇ ਦੇ ਹੇਠਲੇ ਹਿੱਸੇ ਵਿੱਚ ਝਰਨਾਹਟ ਮਹਿਸੂਸ ਕਰਨਾ, ਕਮਰ ਤੇ ਇਸਦੇ ਆਸ ਪਾਸ ਦੇ ਹਿੱਸੇ ਦਾ ਸੁੰਨ ਹੋ ਜਾਣਾ ਜਾਂ ਫਿਰ ਜਲਣ ਮਹਿਸੂਸ ਕਰਨਾ ਡੈੱਡ ਬੱਟ ਸਿੰਡਰੋਮ ਦੇ ਪ੍ਰਮੁੱਖ ਲੱਛਣ ਹਨ। ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਹਾਨੂੰ ਤੁਰੰਤ ਮਾਹਿਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਡੈੱਡ ਬੱਟ ਸਿੰਡਰੋਮ ਤੋਂ ਕਿਵੇਂ ਕਰੀਏ ਬਚਾਅ
ਕਈ ਤਰੀਕੇ ਅਪਣਾ ਕੇ ਡੈੱਡ ਬੱਟ ਸਿੰਡਰੋਮ ਤੋਂ ਬਚਿਆ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਥੋੜ੍ਹਾ ਜਿਹਾ ਬਦਲਾਅ ਲਿਆਉਣਾ ਪਵੇਗਾ। ਇਸਦੇ ਲਈ ਦਫ਼ਤਰ ਵਿੱਚ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ। ਲਗਾਤਾਰ ਬੈਠ ਕੇ ਕੰਮ ਨਾ ਕਰੋ, ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਣੀ ਸੀਟ ਤੋਂ ਉੱਠਦੇ ਰਹੋ। ਹਰ ਰੋਜ਼ 30 ਮਿੰਟ ਸੈਰ ਕਰੋ। ਇਸਦੇ ਇਲਾਵਾ ਦਫ਼ਤਰ ਵਿੱਚ ਵਿੱਚਦੀ ਥੋੜ੍ਹਾ ਥੋੜ੍ਹਾ ਸਮਾਂ ਚੱਲੋ।
(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)