ਪੁਲਿਸ ਵੱਲੋਂ ਸਵੇਰੇ-ਸਵੇਰੇ ਐਨਕਾਊਂਟਰ, ਨਿਹਾਲ ਸਿੰਘ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਮਾਰੀਆਂ ਗੋਲੀਆਂ

ਉੱਤਰ ਪ੍ਰਦੇਸ਼ ਦੇ ਦੇਵਰੀਆ ਵਿੱਚ ਬਹੁ ਚਰਚਿਤ ਨਿਹਾਲ ਸਿੰਘ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁੱਕਰਵਾਰ ਸਵੇਰੇ ਮਦਨਪੁਰ ਥਾਣਾ ਖੇਤਰ ਦੇ ਮਰਕਟੀਆ ਪਿੰਡ ਦੇ ਕੋਲ ਕਤਲ ਕਾਂਡ ਦੇ ਦੋ ਦੋਸ਼ੀਆਂ ਆਸ਼ੀਸ਼ ਪਾਂਡੇ ਅਤੇ ਅਨੁਰਾਗ ਗੁਪਤਾ ਨਾਲ ਮੁਕਾਬਲਾ ਹੋਇਆ। ਦੋਵਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ। ਦੋਵਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਕੋਲੋਂ ਬਾਈਕ, ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ।
ਦੱਸ ਦਈਏ ਕਿ 7 ਨਵੰਬਰ ਨੂੰ ਨਿਹਾਲ ਸਿੰਘ ਨੂੰ ਦਿਨ ਦਿਹਾੜੇ ਸੜਕ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 10 ਦਿਨ ਪਹਿਲਾਂ ਵੀ ਇਸ ਕਤਲ ਕਾਂਡ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਮੁਕਾਬਲੇ ਤੋਂ ਬਾਅਦ ਤਿੰਨ ਸ਼ੂਟਰ ਬ੍ਰਿਜੇਸ਼, ਅਮਨ ਅਤੇ ਆਲੋਕ ਰਾਜਭਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਸੀ। ਇਸ ਮੁਕਾਬਲੇ ਦੌਰਾਨ ਆਸ਼ੀਸ਼ ਪਾਂਡੇ ਅਤੇ ਅਨੁਰਾਗ ਗੁਪਤਾ ਫਰਾਰ ਹੋ ਗਏ ਸਨ।
ਜਾਣਕਾਰੀ ਅਨੁਸਾਰ ਮੁਖ਼ਬਰ ਦੀ ਸੂਚਨਾ ਤੋਂ ਬਾਅਦ ਸੁਰੌਲੀ, ਮਦਨਪੁਰ ਪੁਲਿਸ ਅਤੇ ਐਸ.ਓ.ਜੀ ਦੀ ਟੀਮ ਨੇ ਮਦਨਪੁਰ ਥਾਣਾ ਖੇਤਰ ਦੇ ਪਿੰਡ ਮਰਕਟੀਆ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਪੁਲਿਸ ਨੇ ਬਾਈਕ ਉਤੇ ਆ ਰਹੇ ਦੋ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਦੋਵਾਂ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
- First Published :