ਚੈਂਪੀਅਨਸ ਟਰਾਫ਼ੀ ਵਿਵਾਦ ਦੇ ਵਿਚਕਾਰ ਪਾਕਿਸਤਾਨ ਦੇ ਦੋ ਖਿਡਾਰੀਆਂ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ (Mohammad Amir) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਮਿਰ ਪਿਛਲੇ 24 ਘੰਟਿਆਂ ਦੇ ਅੰਦਰ ਸੰਨਿਆਸ ਲੈਣ ਵਾਲੇ ਦੂਜੇ ਪਾਕਿਸਤਾਨੀ ਖਿਡਾਰੀ ਹਨ, ਆਮਿਰ ਤੋਂ ਇੱਕ ਦਿਨ ਪਹਿਲਾਂ ਆਲਰਾਊਂਡਰ ਇਮਾਦ ਵਸੀਮ (Imad Wasim) ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ। ਪੀਸੀਬੀ ਇਸ ਸਾਲ ਟੀ-20 ਵਿਸ਼ਵ ਕੱਪ ਲਈ ਦੋਵਾਂ ਖਿਡਾਰੀਆਂ ਨੂੰ ਸੰਨਿਆਸ ਤੋਂ ਵਾਪਸ ਲਿਆਇਆ ਸੀ। ਦੋਵਾਂ ਨੂੰ ਟੀ-20 ਵਿਸ਼ਵ ਕੱਪ ਖੇਡਣ ਦਾ ਮੌਕਾ ਵੀ ਮਿਲਿਆ ਪਰ ਦੋਵੇਂ ਕੋਈ ਛਾਪ ਛੱਡਣ ‘ਚ ਨਾਕਾਮ ਰਹੇ। ਦੋਵਾਂ ਖਿਡਾਰੀਆਂ ਨੇ ਦੂਜੀ ਵਾਰ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਆਮਿਰ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਚਿੱਠੀ ਲਿਖ ਕੇ ਸੰਨਿਆਸ ਦਾ ਐਲਾਨ ਕੀਤਾ ਹੈ।
32 ਸਾਲਾ ਮੁਹੰਮਦ ਆਮਿਰ (Mohammad Amir) ਨੇ ਲਿਖਿਆ ਕਿ ਪਾਕਿਸਤਾਨ ਲਈ ਤਿੰਨੋਂ ਫਾਰਮੈਟਾਂ ‘ਚ ਖੇਡਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਆਮਿਰ ਨੇ ਲਿਖਿਆ ਕਿ ਇਹ ਉਨ੍ਹਾਂ ਲਈ ਮੁਸ਼ਕਲ ਫੈਸਲਾ ਸੀ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ। ਆਮਿਰ ਨੇ ਕਿਹਾ ਕਿ ਹੁਣ ਨੌਜਵਾਨ ਖਿਡਾਰੀਆਂ ਲਈ ਅੱਗੇ ਵਧਣ ਅਤੇ ਜ਼ਿੰਮੇਵਾਰੀ ਲੈਣ ਦਾ ਸਮਾਂ ਹੈ। ਆਮਿਰ ਨੇ ਸਾਲ 2009 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਸ ਨੇ 36 ਟੈਸਟ, 61 ਵਨਡੇਅ ਅਤੇ 62 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਆਮਿਰ ਆਖਰੀ ਵਾਰ ਟੀ-20 ਵਿਸ਼ਵ ਕੱਪ ਖੇਡੇ ਸਨ
ਮੁਹੰਮਦ ਆਮਿਰ (Mohammad Amir) ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 271 ਵਿਕਟਾਂ ਆਪਣੇ ਨਾਂ ਕੀਤੀਆਂ, ਜਦਕਿ ਇਸ ਦੌਰਾਨ ਉਸ ਨੇ ਬੱਲੇ ਨਾਲ 1179 ਦੌੜਾਂ ਬਣਾਈਆਂ, ਜਿਸ ‘ਚ ਟੈਸਟ, ਵਨਡੇਅ ਅਤੇ ਟੀ-20 ‘ਚ ਦੌੜਾਂ ਸ਼ਾਮਲ ਹਨ। ਆਮਿਰ ਆਖਰੀ ਵਾਰ ਟੀ-20 ਵਿਸ਼ਵ ਕੱਪ 2024 ਵਿੱਚ ਪਾਕਿਸਤਾਨ ਲਈ ਖੇਡਦੇ ਦਿਖਾਈ ਦਿੱਤੇ, ਜਿਸ ਦੀ ਸੰਯੁਕਤ ਮੇਜ਼ਬਾਨੀ ਅਮਰੀਕਾ ਅਤੇ ਵੈਸਟਇੰਡੀਜ਼ ਨੇ ਕੀਤੀ ਸੀ। ਆਮਿਰ ਤੋਂ ਇੱਕ ਦਿਨ ਪਹਿਲਾਂ ਇਮਾਦ ਵਸੀਮ (Imad Wasim) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਮਾਦ ਨੂੰ ਆਖਰੀ ਵਾਰ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਜਰਸੀ ‘ਚ ਦੇਖਿਆ ਗਿਆ ਸੀ।
ਇਮਾਦ ਨੇ 117 ਅੰਤਰਰਾਸ਼ਟਰੀ ਵਿਕਟਾਂ ਲਈਆਂ ਹਨ
ਇਮਾਦ ਵਸੀਮ (Imad Wasim) ਨੇ ਮਈ 2015 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਸ ਨੇ ਜ਼ਿੰਬਾਬਵੇ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਅਤੇ 55 ਵਨਡੇ ਅਤੇ 75 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਇਸ ਦੌਰਾਨ ਇਮਾਦ ਨੇ 130 ਅੰਤਰਰਾਸ਼ਟਰੀ ਮੈਚਾਂ ‘ਚ 117 ਵਿਕਟਾਂ ਲਈਆਂ। ਉਸ ਨੇ ਇਸ ਦੌਰਾਨ 1540 ਦੌੜਾਂ ਵੀ ਬਣਾਈਆਂ ਸਨ।
- First Published :