ਕੀ ਔਰਤਾਂ ਨੂੰ ਮਰਦਾਂ ਤੋਂ ਜ਼ਿਆਦਾ ਨੀਂਦ ਲੈਣੀ ਚਾਹੀਦੀ ਹੈ? ਰਿਸਰਚ ‘ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ

ਹਰ ਰੋਜ਼ 7 ਤੋਂ 8 ਘੰਟੇ ਦੀ ਚੰਗੀ ਨੀਂਦ ਸਾਰੇ ਲੋਕਾਂ ਲਈ ਸਿਹਤ ਲਈ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੁਧਾਰਦੀ ਹੈ ਅਤੇ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦੀ ਹੈ। ਜਦੋਂ ਕਿ ਨੀਂਦ ਦੀ ਕਮੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਨੀਂਦ ਆਉਂਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਸੱਚ ਮੰਨਦੇ ਹਨ, ਜਦੋਂ ਕਿ ਬਹੁਤ ਸਾਰੇ ਲੋਕ ਇਸ ਨੂੰ ਅਫਵਾਹ ਕਹਿੰਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਸੱਚਮੁੱਚ ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ? ਆਓ ਜਾਣਦੇ ਹਾਂ ਇਸ ਬਾਰੇ ਸੱਚਾਈ।
ਸਲੀਪ ਫਾਊਂਡੇਸ਼ਨ ਦੀ ਰਿਪੋਰਟ ਦੇ ਮੁਤਾਬਕ, ਇਹ ਬਿਲਕੁੱਲ ਸੱਚ ਹੈ ਕਿ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ। ਔਰਤਾਂ ਨੂੰ ਰੋਜ਼ਾਨਾ ਘੱਟੋ-ਘੱਟ 7 ਤੋਂ 9 ਘੰਟੇ ਚੰਗੀ ਨੀਂਦ ਲੈਣੀ ਚਾਹੀਦੀ ਹੈ। ਸਾਰੀਆਂ ਔਰਤਾਂ ਨੂੰ ਹਾਰਮੋਨਲ ਬਦਲਾਅ, ਮਾਹਵਾਰੀ, ਗਰਭ ਅਵਸਥਾ ਅਤੇ ਮੇਨੋਪੌਜ਼ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਸਾਰੀਆਂ ਸਥਿਤੀਆਂ ਵਿੱਚ ਉਨ੍ਹਾਂ ਦੀ ਨੀਂਦ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਔਰਤਾਂ ਵਿੱਚ ਇਨਸੌਮਨੀਆ ਦੀ ਸਮੱਸਿਆ ਆਮ ਹੈ ਅਤੇ ਇਹ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਤਣਾਅ ਅਤੇ ਚਿੰਤਾ ਹੁੰਦੀ ਹੈ, ਜਿਸ ਕਾਰਨ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਸਾਰੇ ਕਾਰਨਾਂ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ।
ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਰੋਜ਼ ਲਗਭਗ 11 ਮਿੰਟ ਜ਼ਿਆਦਾ ਸੌਂਦੀਆਂ ਹਨ। ਵਿਗਿਆਨੀਆਂ ਅਨੁਸਾਰ ਹਾਰਮੋਨ ਉਤਪਾਦਨ ਵਰਗੇ ਜੈਵਿਕ ਅੰਤਰ ਵੀ ਨੀਂਦ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ। ਕੰਮ ਤੋਂ ਇਲਾਵਾ ਸਮਾਜਿਕ ਜ਼ਿੰਮੇਵਾਰੀਆਂ, ਪਰਿਵਾਰ ਦਾ ਧਿਆਨ ਰੱਖਣ ਵਰਗੇ ਕੰਮਾਂ ਕਰਕੇ ਔਰਤਾਂ ਦੀ ਨੀਂਦ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ। ਘਰ ਵਿੱਚ ਦੂਸਰਿਆਂ ਦੀ ਦੇਖਭਾਲ ਕਰਨ ਲਈ ਔਰਤਾਂ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਹੈ, ਇਹ ਇੱਕ ਅਜਿਹਾ ਕੰਮ ਹੈ ਜੋ ਉਨ੍ਹਾਂ ਦੀ ਨੀਂਦ ਵਿੱਚ ਵਿਘਨ ਪਾਉਂਦਾ ਹੈ।
ਨੀਂਦ ਦੀ ਕਮੀ ਕਾਰਨ ਔਰਤਾਂ ਵਿੱਚ ਡਿਪਰੈਸ਼ਨ, ਚਿੰਤਾ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਨੀਂਦ ਦੀ ਕਮੀ ਨਾਲ ਸਰੀਰਕ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਰੋਜ਼ਾਨਾ ਲੋੜੀਂਦੀ ਨੀਂਦ ਨਾ ਲੈਣ ਨਾਲ ਭਾਰ ਵਧਣ, ਦਿਲ ਦੇ ਰੋਗ ਅਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਔਰਤਾਂ ਨੂੰ ਆਪਣੀ ਨੀਂਦ ਦੀ ਜ਼ਰੂਰਤ ਨੂੰ ਪਛਾਣਨਾ ਚਾਹੀਦਾ ਹੈ ਅਤੇ ਲੋੜੀਂਦੀ ਨੀਂਦ ਲੈਣੀ ਚਾਹੀਦੀ ਹੈ। ਸਿਰਫ਼ ਸੌਣਾ ਹੀ ਜ਼ਰੂਰੀ ਨਹੀਂ ਹੈ, ਸਗੋਂ ਚੰਗੀ ਗੁਣਵੱਤਾ ਵਾਲੀ ਨੀਂਦ ਵੀ ਜ਼ਰੂਰੀ ਹੈ। ਚੰਗੀ ਨੀਂਦ ਲਈ ਸੌਣ ਤੋਂ ਕੁਝ ਘੰਟੇ ਪਹਿਲਾਂ ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਇਸ ਨਾਲ ਨੀਂਦ ਦੀ ਕੁਆਲਿਟੀ ਵਧੇਗੀ।