ਭਾਜਪਾ ਸਾਂਸਦ ਦਾ ਵਿਵਾਦਤ ਬਿਆਨ, ਕਿਹਾ- ਕਿਸਾਨ ਅੰਦੋਲਨ ਵਿਚ 700 ਕੁੜੀਆਂ ਗਾਇਬ…

ਹਰਿਆਣਾ ਤੋਂ ਭਾਜਪਾ ਸਾਂਸਦ ਰਾਮਚੰਦਰ ਜਾਂਗੜਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਜਾਂਗੜਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਟਿੱਕਰੀ ਅਤੇ ਸਿੰਘੂ ਬਾਰਡਰ ਦੇ ਪਿੰਡਾਂ ਤੋਂ 700 ਲੜਕੀਆਂ ਲਾਪਤਾ ਹੋ ਗਈਆਂ ਹਨ ਅਤੇ ਪੰਜਾਬ ਤੋਂ ਆਏ ‘ਨਸ਼ੇੜੀਆਂ’ ਨੇ ਹਰਿਆਣਾ ਵਿੱਚ ਨਸ਼ੇ ਦੀ ਲਤ ਵਧਾ ਦਿੱਤੀ ਹੈ। ਭਾਜਪਾ ਸੰਸਦ ਮੈਂਬਰ ਨੇ ਪੰਜਾਬ ‘ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2021 ਤੋਂ ਪਹਿਲਾਂ ਹਰਿਆਣਾ ‘ਚ ਕੋਈ ਨਸ਼ਾ ਨਹੀਂ ਸੀ। ਪਰ ਹੁਣ ਸਾਡੇ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ।
ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਕੁਝ ਲੋਕ ਕਿਸਾਨ ਅੰਦੋਲਨ ਦੇ ਨਾਂ ‘ਤੇ ਚੰਦਾ ਇਕੱਠਾ ਕਰ ਰਹੇ ਹਨ। ਇਸ਼ ਦੌਰਾਨ ਰਾਮਚੰਦਰ ਜਾਂਗੜਾ ਨੇ ਨਿਊਜ਼ 18 ਨਾਲ ਗੱਲਬਾਤ ਦੌਰਾਨ ਕਿਹਾ ਕਿ ਜੋ ਮੈਂ ਕਿਹਾ ਹੈ, ਉਹ ਲੋਕ ਬੋਲਦੇ ਹਨ। ਅੱਜ 140 ਕਰੋੜ ਦੀ ਆਬਾਦੀ ‘ਚ ਵੀ ਕਿਸਾਨਾਂ ਨੇ ਇੰਨਾ ਉਤਪਾਦਨ ਕੀਤਾ ਹੈ ਕਿ ਪ੍ਰਧਾਨ ਮੰਤਰੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੇ ਹਨ। ਕਿਸਾਨਾਂ ਨੂੰ ਆਪਣੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨਾ ਚਾਹੀਦਾ ਹੈ। ਜੇਕਰ ਕਿਸਾਨ ਪ੍ਰਧਾਨ ਮੰਤਰੀ ਦੀ ਨੀਤੀ ‘ਤੇ ਚੱਲਦਾ ਹੈ ਤਾਂ ਉਸ ਦੀ ਆਮਦਨ ਦੁੱਗਣੀ ਨਹੀਂ ਸਗੋਂ ਚੌਗੁਣੀ ਹੋ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਨਤਾ ਕਿਸੇ ਮੁੱਦੇ ‘ਤੇ ਗੱਲ ਕਰੇਗੀ ਤਾਂ ਅਸੀਂ ਉਸ ਉਤੇ ਚਰਚਾ ਕਰਾਂਗੇ। ਰਾਕੇਸ਼ ਟਿਕੈਤ ਤੇ ਗੁਰਨਾਮ ਚੜੂਨੀ ਦੀ ਕੀ ਹੈਸੀਅਤ ਹੈ?
ਦੂਜੇ ਪਾਸੇ ਕਿਸਾਨਾਂ ਨੇ ਜਾਂਗੜਾ ਦੇ ਬਿਆਨ ਦਾ ਵਿਰੋਧ ਕੀਤਾ ਹੈ। ਬੀਕੇਯੂ ਸੰਘਰਸ਼ ਦੇ ਕੌਮੀ ਪ੍ਰਧਾਨ ਸਰਨਜੀਤ ਸਿੰਘ ਨੇ ਕਿਹਾ ਕਿ ਜਾਂਗੜਾ ਦਾ ਜੋ ਬਿਆਨ ਸਾਹਮਣੇ ਆਇਆ ਹੈ, ਮੈਂ ਪੁੱਛਦਾ ਹਾਂ ਕਿ ਤੁਸੀਂ ਕੀ ਕਾਰਵਾਈ ਕੀਤੀ ਹੈ। ਕਦੇ ਕਿਸਾਨ ਅੱਤਵਾਦੀ ਬਣ ਜਾਂਦਾ ਹੈ ਤੇ ਕਦੇ ਬਲਾਤਕਾਰੀ। ਸਰਕਾਰ ਨੂੰ ਅਜਿਹੇ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਜਦੋਂ ਭਾਜਪਾ ਆਗੂਆਂ ਕੋਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਤਾਂ ਉਹ ਅਰਥਹੀਣ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਭਾਜਪਾ ਸਰਕਾਰ ਦੇ ਰੋਹਤਕ ਦੇ ਸਾਂਸਦ ਰਾਮਚੰਦਰ ਜਾਂਗੜਾ ਦਾ ਇਤਰਾਜ਼ਯੋਗ ਬਿਆਨ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਦੀ ਸਰਕਾਰ ਗੁਜਰਾਤ ‘ਚ ਹੈ, ਜਿੱਥੋਂ ਵੱਡੇ ਪੱਧਰ ‘ਤੇ ਨਸ਼ਿਆਂ ਦੀ ਖੇਪ ਫੜੀ ਗਈ ਹੈ। ਅਸੀਂ ਪਹਿਲੀ ਵਾਰ ਸੁਣਿਆ ਹੈ ਕਿ ਕਿਸਾਨ ਅੰਦੋਲਨ ਦੌਰਾਨ ਲੜਕੀਆਂ ਲਾਪਤਾ ਹੋਈਆਂ ਹਨ ਅਤੇ ਜੇਕਰ ਲੜਕੀਆਂ ਲਾਪਤਾ ਹੋਈਆਂ ਹਨ ਤਾਂ ਇਸ ਦੀ ਜ਼ਿੰਮੇਵਾਰੀ ਭਾਜਪਾ ਦੀ ਸਰਕਾਰ ਸੀ ਅਤੇ ਉਨ੍ਹਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸੇ ਤਰ੍ਹਾਂ ਦੇ ਬਿਆਨ ਦੇ ਕੇ ਕਿਸਾਨ ਵਰਗ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- First Published :