ਖੁਦਕੁਸ਼ੀ ਦਾ ਖਿਆਲ ਆਉਂਦੇ ਹੀ ਰਿਸ਼ਤੇਦਾਰਾਂ ਨੂੰ ਅਲਰਟ ਕਰੇਗਾ ਇਹ ਐਪ, ਹਰ ਘੰਟੇ ਮੋਬਾਈਲ ‘ਤੇ ਮਿਲੇਗਾ ਮੈਸੇਜ !, ਜਾਣੋ ਕਿਵੇਂ ?

ਬੁੰਦੇਲਖੰਡ ਯੂਨੀਵਰਸਿਟੀ ਖੁਦਕੁਸ਼ੀ ਦੇ ਮਾਮਲਿਆਂ ਨੂੰ ਰੋਕਣ ਲਈ ਨਵਾਂ ਉਪਰਾਲਾ ਕਰ ਰਹੀ ਹੈ। ਬੁੰਦੇਲਖੰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨਕ ਮੁਲਾਂਕਣ ਐਪ ਬਣਾਇਆ ਜਾ ਰਿਹਾ ਹੈ। ਇਹ ਐਪ ਉਪਭੋਗਤਾ ਵਿੱਚ ਖੁਦਕੁਸ਼ੀ ਦੇ ਵਿਚਾਰ ਹਾਵੀ ਹੁੰਦੇ ਹੀ ਰਿਸ਼ਤੇਦਾਰਾਂ ਨੂੰ ਅਲਰਟ ਮੈਸਿਜ ਭੇਜ ਦੇਵੇਗਾ। ਇਸ ਐਪ ਨੂੰ ਬਣਾਉਣ ਲਈ ਵਿਗਿਆਨ ਵਿਭਾਗ ਨੇ 5 ਕਰੋੜ ਰੁਪਏ ਦਿੱਤੇ ਹਨ। ਇਹ ਐਪ ਤਿਆਰ ਕੀਤਾ ਜਾ ਚੁੱਕਿਆ ਹੈ। ਜਲਦੀ ਹੀ ਇਸ ਨੂੰ ਲਾਂਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ NCRB ਦੀ ਰਿਪੋਰਟ ਮੁਤਾਬਕ ਭਾਰਤ ‘ਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ। ਇਸ ਰਿਪੋਰਟ ਮੁਤਾਬਕ ਸਾਲ 2022 ‘ਚ ਦੇਸ਼ ‘ਚ ਕੁੱਲ 1.71 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਇਸ ਤੋਂ ਇਲਾਵਾ, 2022 ਵਿੱਚ ਖੁਦਕੁਸ਼ੀ ਕਰਨ ਵਾਲਿਆਂ ਵਿੱਚ 13,714 ਬੇਰੁਜ਼ਗਾਰ ਅਤੇ 13,089 ਵਿਦਿਆਰਥੀ ਵੀ ਸ਼ਾਮਲ ਹਨ।
ਖ਼ੁਦਕੁਸ਼ੀ ਰੋਕਣ ਵਿੱਚ ਮਦਦ ਕਰੇਗਾ ਇਹ ਐਪ ਮੋਬਾਈਲ
ਮਾਹਿਰਾਂ ਅਨੁਸਾਰ ਪੜ੍ਹਾਈ ਦੇ ਤਣਾਅ, ਇਮਤਿਹਾਨਾਂ ਵਿੱਚ ਅਸਫਲਤਾ ਜਾਂ ਕਿਸੇ ਹੋਰ ਤਣਾਅ ਕਾਰਨ ਵਿਦਿਆਰਥੀ ਹਰ ਰੋਜ਼ ਖੁਦਕੁਸ਼ੀ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਕਈ ਯਤਨ ਕੀਤੇ ਜਾਂਦੇ ਹਨ ਪਰ ਉਹ ਕਾਰਗਰ ਸਾਬਤ ਨਹੀਂ ਹੋ ਰਹੇ। ਇਸ ਨੂੰ ਰੋਕਣ ਲਈ ਡੀਐਸਟੀ ਨੇ ਉੱਤਰ ਪ੍ਰਦੇਸ਼ ਦੀ ਇੱਕੋ ਇੱਕ ਸੰਸਥਾ ਬੁੰਦੇਲਖੰਡ ਯੂਨੀਵਰਸਿਟੀ ਨੂੰ 5 ਕਰੋੜ ਰੁਪਏ ਦਿੱਤੇ ਹਨ। ਯੂਨੀਵਰਸਿਟੀ ਦੇ ਇਨੋਵੇਸ਼ਨ ਸੈਂਟਰ ਵਿੱਚ ਮੋਬਾਈਲ ਐਪ ਅਤੇ ਸੈਂਸਰਾਂ ਨਾਲ ਲੈਸ ਕਲਾਈ ਬੈਂਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ।
ਇਸ ਤਰ੍ਹਾਂ ਕੰਮ ਕਰੇਗਾ ਇਹ ਮੋਬਾਈਲ ਐਪ
ਇਨੋਵੇਸ਼ਨ ਸੈਂਟਰ ਦੇ ਐਸੋਸੀਏਟ ਪ੍ਰੋਫ਼ੈਸਰ ਡਾ: ਲਵਕੁਸ਼ ਦਿਵੇਦੀ ਨੇ ਦੱਸਿਆ ਕਿ ਜਿਵੇਂ ਹੀ ਕਿਸੇ ਦੇ ਮਨ ਵਿੱਚ ਆਤਮਹੱਤਿਆ ਦਾ ਵਿਚਾਰ ਆਵੇਗਾ ਤਾਂ ਇਹ ਮੋਬਾਈਲ ਐਪ ਐਕਟੀਵੇਟ ਹੋ ਜਾਵੇਗਾ। ਤਣਾਅ ਅਤੇ ਆਤਮ ਹੱਤਿਆ ਦੇ ਵਿਚਾਰਾਂ ਦਾ ਗ੍ਰਾਫ 50 ਪ੍ਰਤੀਸ਼ਤ ਤੱਕ ਪਹੁੰਚਣ ‘ਤੇ ਮੋਬਾਈਲ ਵਿੱਚ ਫੀਡ ਰਿਸ਼ਤੇਦਾਰਾਂ ਦੇ ਨੰਬਰ ‘ਤੇ ਅਲਰਟ ਮੈਸੇਜ ਭੇਜੇਗਾ।
ਮੈਸੇਜ ‘ਚ ਜ਼ਿਕਰ ਹੋਵੇਗਾ ਕਿ ਉਨ੍ਹਾਂ ਦਾ ਇਕ ਵਿਅਕਤੀ ਖੁਦਕੁਸ਼ੀ ਕਰਨ ਦੇ ਰਾਹ ‘ਤੇ ਹੈ। ਤਣਾਅ ਦਾ ਗ੍ਰਾਫ ਜਿਵੇਂ ਹੀ 90 ਪ੍ਰਤੀਸ਼ਤ ਤੱਕ ਪਹੁੰਚੇਗਾ , ਮੈਸੇਜ ਹਰ ਘੰਟੇ ਆਉਣਾ ਸ਼ੁਰੂ ਹੋ ਜਾਵੇਗਾ। ਡਾਕਟਰ ਲਵਕੁਸ਼ ਅਨੁਸਾਰ ਮੋਬਾਈਲ ਐਪ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਮੋਬਾਈਲ ਐਪ ਨੂੰ ਜਲਦੀ ਹੀ ਪੇਟੈਂਟ ਕੀਤਾ ਜਾਵੇਗਾ।