”ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”… ਦੱਖਣੀ ਸੂਡਾਨ ਜਹਾਜ਼ ਹਾਦਸੇ ‘ਚ ਬਚਿਆ ਸਿਰਫ਼ ਇੱਕ ਵਿਅਕਤੀ, ਜਾਣੋ ਕੌਣ ਹੈ ਉਹ

ਜੁਬਾ: ਦੱਖਣੀ ਸੂਡਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਜਹਾਜ਼ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ‘ਚ 21 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਚਮਤਕਾਰੀ ਤੌਰ ‘ਤੇ ਸਿਰਫ ਇਕ ਯਾਤਰੀ ਹੀ ਬਚ ਸਕਿਆ। ਇਹ ਜਹਾਜ਼ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਨਾਲ ਜੁੜਿਆ ਹੋਇਆ ਸੀ। ਇਹ ਜਹਾਜ਼ ਦੱਖਣੀ ਸੂਡਾਨ ਦੇ ਯੂਨਿਟੀ ਰਾਜ ਵਿੱਚ ਇੱਕ ਤੇਲ ਖੇਤਰ ਦੇ ਕੋਲ ਸਵੇਰੇ 10:30 ਵਜੇ ਕਰੈਸ਼ ਹੋ ਗਿਆ। ਜਹਾਜ਼ ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਜਾ ਰਿਹਾ ਸੀ ਸੂਚਨਾ ਮੰਤਰੀ ਗਟਵੇਚ ਬਿਪਾਲ ਨੇ ਦੱਸਿਆ ਕਿ ਜਹਾਜ਼ ‘ਚ 21 ਲੋਕ ਸਵਾਰ ਸਨ। ਇਸ ਵਿੱਚ ਦੋ ਪਾਇਲਟ ਵੀ ਸ਼ਾਮਲ ਸਨ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ‘ਚ ਸਵਾਰ ਜ਼ਿਆਦਾਤਰ ਲੋਕ ਤੇਲ ਕੰਪਨੀ ਦੇ ਕਰਮਚਾਰੀ ਸਨ। ਸੰਯੁਕਤ ਰਾਸ਼ਟਰ ਨਾਲ ਸਬੰਧਤ ਰੇਡੀਓ ਮਿਰਯਾ ਨੇ ਜਹਾਜ਼ ਦੇ ਮੈਨੀਫੈਸਟ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲੇ ਜ਼ਿਆਦਾਤਰ ਦੱਖਣੀ ਸੂਡਾਨ ਦੇ ਨਾਗਰਿਕ ਸਨ। ਮਰਨ ਵਾਲਿਆਂ ਵਿੱਚ ਇੱਕ ਭਾਰਤੀ ਅਤੇ ਦੋ ਚੀਨੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਅਜੇ ਤੱਕ ਮਰਨ ਵਾਲਿਆਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਖਣੀ ਸੂਡਾਨ ਵਿੱਚ ਐਸਐਸਬੀਸੀ ਨਿਊਜ਼ ਨਾਲ ਜੁੜੇ ਚੋਲ ਅਟਕ ਨੇ ਐਕਸ ਉੱਤੇ ਆਪਣੀ ਪੋਸਟ ਵਿੱਚ ਕਿਹਾ ਕਿ ਜਹਾਜ਼ ਹਾਦਸੇ ਵਿੱਚ ਬਚਣ ਵਾਲੇ ਵਿਅਕਤੀ ਦਾ ਨਾਮ ਇਮੈਨੁਅਲ ਮੇਕਰ ਹੈ। ਉਹ ਗ੍ਰੇਟਰ ਪਾਇਨੀਅਰ ਕੰਪਨੀ ਦਾ ਇੰਜੀਨੀਅਰ ਹੈ। ਜ਼ਖਮੀ ਹਾਲਤ ‘ਚ ਉਸ ਨੂੰ ਹਵਾਈ ਜਹਾਜ਼ ਰਾਹੀਂ ਜੁਬਾ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ।
ਤੇਲ ਮੰਤਰੀ ਨੇ ਦੁੱਖ ਪ੍ਰਗਟ ਕੀਤਾ
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਦੱਖਣੀ ਸੂਡਾਨ ਦੇ ਤੇਲ ਮੰਤਰੀ ਪੁਤਕਾਂਗ ਚੋਲ ਨੇ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, ‘ਅਸੀਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ।’ ਚੋਲਾ ਦੱਖਣੀ ਸੂਡਾਨ ‘ਚ ਚੱਲ ਰਹੀ ਸਿਆਸੀ ਹਿੰਸਾ ਨੂੰ ਖਤਮ ਕਰਨ ਲਈ ਸ਼ਾਂਤੀ ਵਾਰਤਾ ‘ਚ ਹਿੱਸਾ ਲੈਣ ਲਈ ਨੈਰੋਬੀ ਆਇਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਕਿਵੇਂ ਹਾਦਸਾਗ੍ਰਸਤ ਹੋਇਆ। ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਨੇ ਟਰਾਂਸਪੋਰਟ ਮੰਤਰਾਲੇ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪੂਰੇ ਦੇਸ਼ ਲਈ ਹੀ ਨਹੀਂ ਸਗੋਂ ਤੇਲ ਉਦਯੋਗ ਲਈ ਵੀ ਵੱਡਾ ਝਟਕਾ ਹੈ।
ਦੱਖਣੀ ਸੁਡਾਨ ਵਿੱਚ ਕਿਉਂ ਹੁੰਦੇ ਹਨ ਹਾਦਸੇ?
ਦੱਖਣੀ ਸੂਡਾਨ ਨੇ 2011 ਵਿੱਚ ਸੁਡਾਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਖੇਤਰ ਵਿੱਚ ਤੇਲ ਉਤਪਾਦਨ ਦਾ ਇੱਕ ਪ੍ਰਮੁੱਖ ਕੇਂਦਰ ਹੈ। ਹਾਲਾਂਕਿ, ਸਰਕਾਰ ਨੂੰ ਲਗਾਤਾਰ ਨਕਦੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਵਿਚਕਾਰ ਉਹ ਤੇਲ ਉਤਪਾਦਨ ਅਤੇ ਨਿਰਯਾਤ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਡਾਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ ਮਾੜੇ ਬੁਨਿਆਦੀ ਢਾਂਚੇ, ਸਖ਼ਤ ਸੁਰੱਖਿਆ ਨਿਯਮਾਂ ਦੀ ਘਾਟ ਅਤੇ ਜਹਾਜ਼ਾਂ ਦੀ ਸੀਮਤ ਰੱਖ-ਰਖਾਅ ਸਮਰੱਥਾ ਕਾਰਨ ਅਕਸਰ ਹਾਦਸੇ ਵਾਪਰਦੇ ਹਨ।