T-20 ਦੀ ਇੱਕ ਪਾਰੀ ‘ਚ ਬਣਾਈਆਂ 297 ਦੌੜਾਂ, ਹੈਦਰਾਬਾਦ ‘ਚ ਸੰਜੂ ਸੈਮਸਨ-ਸੂਰਿਆ ਦੇ ਨਾਂ ਦਾ ਆਇਆ ਤੂਫਾਨ

ਸੰਜੂ ਸੈਮਸਨ ਦੇ ਤੂਫਾਨੀ ਸੈਂਕੜੇ ਅਤੇ ਸੂਰਿਆਕੁਮਾਰ ਯਾਦਵ ਦੇ ਧਮਾਕੇਦਾਰ ਅਰਧ ਸੈਂਕੜੇ ਦੇ ਦਮ ‘ਤੇ ਭਾਰਤ ਨੇ ਤੀਜੇ ਅਤੇ ਆਖਰੀ ਟੀ-20 ਮੈਚ ‘ਚ ਪਹਾੜਾਂ ਵਰਗਾ ਸਕੋਰ ਬਣਾਇਆ। ਬੰਗਲਾਦੇਸ਼ ਖਿਲਾਫ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 6 ਵਿਕਟਾਂ ‘ਤੇ 297 ਦੌੜਾਂ ਬਣਾਈਆਂ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਿਸੇ ਵੀ ਟੀਮ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਵਿਸ਼ਵ ਰਿਕਾਰਡ ਨੇਪਾਲ ਦੇ ਨਾਂ ਹੈ, ਜਿਸ ਨੇ ਪਿਛਲੇ ਸਾਲ ਮੰਗੋਲੀਆ ਖਿਲਾਫ 3 ਵਿਕਟਾਂ ‘ਤੇ 314 ਦੌੜਾਂ ਬਣਾਈਆਂ ਸਨ।
ਇਹ ਟੀ-20 ਖੇਡਣ ਵਾਲੀਆਂ ਟੀਮਾਂ ਵਿੱਚੋਂ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਬਣ ਗਿਆ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ 2019 ‘ਚ ਆਇਰਲੈਂਡ ਖਿਲਾਫ 278 ਦੌੜਾਂ ਬਣਾਈਆਂ ਸਨ। ਸੰਜੂ ਸੈਮਸਨ ਨੇ 47 ਗੇਂਦਾਂ ਵਿੱਚ 111 ਦੌੜਾਂ ਬਣਾਈਆਂ ਜਦਕਿ ਹਾਰਦਿਕ ਪੰਡਯਾ ਨੇ 18 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਰਿਆਨ ਪਰਾਗ 13 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਸੂਰਿਆਕੁਮਾਰ ਯਾਦਵ ਨੇ 35 ਗੇਂਦਾਂ ਵਿੱਚ 75 ਦੌੜਾਂ ਦੀ ਪਾਰੀ ਖੇਡੀ। ਟੀਮ ਇੰਡੀਆ ਨੇ ਵੀ ਆਪਣਾ ਸਰਵੋਤਮ ਟੀ-20 ਸਕੋਰ ਬਣਾਇਆ। ਇਸ ਤੋਂ ਪਹਿਲਾਂ ਭਾਰਤ ਨੇ 2017 ‘ਚ ਸ਼੍ਰੀਲੰਕਾ ਖਿਲਾਫ 260 ਦੌੜਾਂ ਬਣਾਈਆਂ ਸਨ। ਰਿੰਕੂ ਸਿੰਘ ਨੇ 20ਵੇਂ ਓਵਰ ਦੀ ਆਖਰੀ ਗੇਂਦ ‘ਤੇ ਛੱਕਾ ਜੜ ਕੇ ਟੀਮ ਇੰਡੀਆ ਦੇ ਸਕੋਰ ਨੂੰ 297 ਤੱਕ ਪਹੁੰਚਾਇਆ।
ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ 5 ਸਭ ਤੋਂ ਵੱਡੇ ਸਕੋਰ
ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਸਕੋਰ ਨੇਪਾਲ ਦੇ ਨਾਂ ਹੈ, ਜਿਸ ਨੇ 2023 ‘ਚ ਮੰਗੋਲੀਆ ਖਿਲਾਫ 3 ਵਿਕਟਾਂ ‘ਤੇ 314 ਦੌੜਾਂ ਬਣਾਈਆਂ ਸਨ। ਇਸ ਸੂਚੀ ‘ਚ ਭਾਰਤੀ ਟੀਮ ਦਾ ਦੂਜਾ ਨਾਂ ਜੁੜ ਗਿਆ ਹੈ। ਹੈਦਰਾਬਾਦ ‘ਚ ਦੁਸਹਿਰੇ ਵਾਲੇ ਦਿਨ ਭਾਰਤ ਨੇ 6 ਵਿਕਟਾਂ ‘ਤੇ 297 ਦੌੜਾਂ ਬਣਾਈਆਂ ਸਨ। ਅਫਗਾਨਿਸਤਾਨ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹੈ, ਜਿਸ ਨੇ 2019 ‘ਚ ਆਇਰਲੈਂਡ ਖਿਲਾਫ 3 ਵਿਕਟਾਂ ‘ਤੇ 278 ਦੌੜਾਂ ਬਣਾਈਆਂ ਸਨ। ਚੈੱਕ ਗਣਰਾਜ ਨੇ 2019 ‘ਚ ਤੁਰਕੀ ਖਿਲਾਫ 4 ਵਿਕਟਾਂ ‘ਤੇ 278 ਦੌੜਾਂ ਬਣਾਈਆਂ ਸਨ। ਮਲੇਸ਼ੀਆ ਨੇ 2023 ‘ਚ ਥਾਈਲੈਂਡ ਖਿਲਾਫ 4 ਵਿਕਟਾਂ ‘ਤੇ 268 ਦੌੜਾਂ ਬਣਾਈਆਂ ਸਨ।
- First Published :