LIC ਹੁਣ ਸ਼ੁਰੂ ਕਰੇਗੀ ਹੈਲਥ ਇੰਸ਼ੋਰੈਂਸ ਦਾ ਕਾਰੋਬਾਰ, ਤੇਜ਼ੀ ਨਾਲ ਸ਼ੁਰੂ ਹੋ ਰਿਹੈ ਕੰਮ, ਪੜ੍ਹੋ ਪੂਰੀ ਖ਼ਬਰ
ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਹੁਣ ਸਿਹਤ ਬੀਮਾ ਖੇਤਰ (health insurance) ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਚੇਅਰਪਰਸਨ ਸਿਧਾਰਥ ਮੋਹੰਤੀ ਨੇ ਕਿਹਾ ਕਿ ਐਲਆਈਸੀ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਸਿਹਤ ਬੀਮਾ ਕੰਪਨੀ ਵਿੱਚ ਹਿੱਸੇਦਾਰੀ ਖਰੀਦਣ ਦੀ ਪ੍ਰਕਿਰਿਆ ਪੂਰੀ ਕਰ ਸਕਦੀ ਹੈ। ਐਲਆਈਸੀ ਦੇ ਸਤੰਬਰ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਮੋਹੰਤੀ ਨੇ ਸ਼ੁੱਕਰਵਾਰ 8 ਨਵੰਬਰ ਨੂੰ ਇੱਕ ਕਾਨਫਰੰਸ ਕਾਲ ਵਿੱਚ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਰੈਗੂਲੇਟਰੀ ਪ੍ਰਵਾਨਗੀ ਮਿਲਣ ਤੋਂ ਬਾਅਦ, ਕੰਪਨੀ ਦੀ ਇੱਕ ਸਟੈਂਡਅਲੋਨ ਹੈਲਥ ਇੰਸ਼ੋਰੈਂਸ ਕੰਪਨੀ ਵਿੱਚ ਹਿੱਸੇਦਾਰੀ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਉਸ ਕੰਪਨੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਜਿਸ ‘ਚ LIC ਨਿਵੇਸ਼ ਕਰਨ ਜਾ ਰਹੀ ਹੈ।
ਇਸ ਤੋਂ ਪਹਿਲਾਂ, ਜੂਨ ਤਿਮਾਹੀ ਦੇ ਨਤੀਜੇ ਜਾਰੀ ਕਰਦੇ ਹੋਏ, ਮੋਹੰਤੀ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਇਹ ਸਰਕਾਰੀ ਮਾਲਕੀ ਵਾਲੀ ਕੰਪਨੀ ਵਿੱਤੀ ਸਾਲ 2025 ਵਿੱਚ ਸਿਹਤ ਬੀਮਾ ਖੇਤਰ ਵਿੱਚ ਐਕਵਾਇਰ ਕਰ ਸਕਦੀ ਹੈ। ਇਸ ਦੇ ਨਾਲ ਹੀ, 1 ਅਕਤੂਬਰ ਤੋਂ ਲਾਗੂ ਹੋਏ ਸਮਰਪਣ ਮੁੱਲ ਦੇ ਨਵੇਂ ਨਿਯਮਾਂ ‘ਤੇ ਟਿੱਪਣੀ ਕਰਦੇ ਹੋਏ, ਉਨ੍ਹਾਂ ਕਿਹਾ ਕਿ ਐਲਆਈਸੀ ਨੇ ਨਵੇਂ ਨਿਯਮਾਂ ਦੇ ਅਨੁਸਾਰ ਆਪਣੇ ਬੀਮਾ ਉਤਪਾਦਾਂ ਨੂੰ ਮੁੜ ਡਿਜ਼ਾਈਨ ਕੀਤਾ ਹੈ ਅਤੇ ਇਹ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਹੈ।
ਸਤੰਬਰ ਤਿਮਾਹੀ ‘ਚ ਘਟਿਆ ਹੈ LIC ਦਾ ਮੁਨਾਫਾ
ਸਤੰਬਰ ਤਿਮਾਹੀ ‘ਚ LIC ਦਾ ਸ਼ੁੱਧ ਲਾਭ 3.75 ਫੀਸਦੀ ਘੱਟ ਕੇ 7,729 ਕਰੋੜ ਰੁਪਏ ‘ਤੇ ਆ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ 8,030.28 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਕੰਪਨੀ ਦੀ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀ (ਜੀ.ਐੱਨ.ਪੀ.ਏ.) 1.72 ਫੀਸਦੀ ਰਹੀ, ਜੋ ਪਿਛਲੀ ਤਿਮਾਹੀ ‘ਚ 1.95 ਫੀਸਦੀ ਸੀ। ਤਿਮਾਹੀ ਦੌਰਾਨ ਐਲਆਈਸੀ ਦੀ ਸ਼ੁੱਧ ਪ੍ਰੀਮੀਅਮ ਆਮਦਨ 1.52 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ 1.2 ਲੱਖ ਕਰੋੜ ਰੁਪਏ ਸੀ। ਇਸ ਵਾਧੇ ਨਾਲ LIC ਦੀ ਸ਼ੁੱਧ ਪ੍ਰੀਮੀਅਮ ਆਮਦਨ 11.5 ਫੀਸਦੀ ਵਧੀ ਹੈ।
ਇਕ ਸਾਲ ‘ਚ 48 ਫੀਸਦੀ ਮਜ਼ਬੂਤ ਹੋਇਆ ਸ਼ੇਅਰ
ਪਿਛਲੇ ਇਕ ਸਾਲ ‘ਚ LIC ਦੇ ਸ਼ੇਅਰ 48 ਫੀਸਦੀ ਮਜ਼ਬੂਤ ਹੋਏ ਹਨ। ਇਹ ਬੀਮਾ ਸਟਾਕ ਸਾਲ 2024 ਵਿੱਚ 6 ਫੀਸਦੀ ਵਧਿਆ ਹੈ। ਪਿਛਲੇ ਇਕ ਮਹੀਨੇ ‘ਚ LIC ਦੇ ਸ਼ੇਅਰ ਦੀ ਕੀਮਤ ਕਰੀਬ 6 ਫੀਸਦੀ ਡਿੱਗੀ ਹੈ। ਸ਼ੁੱਕਰਵਾਰ ਨੂੰ ਇਹ 1.52 ਫੀਸਦੀ ਦੀ ਗਿਰਾਵਟ ਨਾਲ 915.55 ਰੁਪਏ ‘ਤੇ ਬੰਦ ਹੋਇਆ ਹੈ।