ਰੋਜ਼ ਪਸੰਦ ਦੀ ਮਹਿਲਾ ਮੁਲਾਜ਼ਮਾਂ ਨੂੰ ‘ਬੁਲਾਉਂਦਾ ਸੀ’ ਇਹ IPS ਅਧਿਕਾਰੀ, CM ਨੂੰ ਲਿਖੀ ਕਥਿਤ ਚਿੱਠੀ ਵਾਇਰਲ

ਹਰਿਆਣਾ ‘ਚ ਤਾਇਨਾਤ ਇਕ ਆਈਪੀਐਸ ਅਧਿਕਾਰੀ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਉਣ ਵਾਲੀ ਚਿੱਠੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 7 ਮਹਿਲਾ ਪੁਲਸ ਮੁਲਾਜ਼ਮਾਂ ਨੇ ਇਹ ਪੱਤਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਏਡੀਜੀਪੀ ਅਤੇ ਕਈ ਅਧਿਕਾਰੀਆਂ ਅਤੇ ਮੀਡੀਆ ਨੂੰ ਭੇਜਿਆ ਹੈ। ਇਸ ਸਬੰਧੀ ਜੀਂਦ ਵਿੱਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੇ ਇੱਕ ਸੀਨੀਅਰ ਪੁਲਸ ਅਧਿਕਾਰੀ ’ਤੇ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ।
ਇਸ ਸਬੰਧੀ ਫਤਿਹਾਬਾਦ ਦੀ ਐਸਪੀ ਆਸਥਾ ਮੋਦੀ ਇਨ੍ਹਾਂ ਗੰਭੀਰ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 19 ਮਹਿਲਾ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਜਾਂਚ ਪ੍ਰਕਿਰਿਆ ਅਜੇ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਤੱਥਾਂ ‘ਤੇ ਆਧਾਰਿਤ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ।
ਦਰਅਸਲ ਵਾਇਰਲ ਹੋਈ ਇਸ ਚਿੱਠੀ ‘ਚ ਕਈ ਗੰਭੀਰ ਖੁਲਾਸੇ ਹੋਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਮਹਿਲਾ ਐਸਐਚਓ ਅਤੇ ਇੱਕ ਸੀਨੀਅਰ ਪੁਲਸ ਅਧਿਕਾਰੀ ਮਿਲ ਕੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਵਿੱਚ ਮਹਿਲਾ ਡੀਐਸਪੀ ਦਾ ਨਾਂ ਵੀ ਸ਼ਾਮਲ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜਿਨਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਉਣ ਵਾਲੀਆਂ ਮਹਿਲਾ ਪੁਲਸ ਮੁਲਾਜ਼ਮਾਂ ਦੀ ਏ.ਸੀ.ਆਰ. (ACR-Annual Confidential Report) ਖਰਾਬ ਕਰ ਦਿੱਤੀ ਜਾਂਦੀ ਹੈ। ਪੱਤਰ ਵਿੱਚ ਦੱਸਿਆ ਗਿਆ ਸੀ ਕਿ ਮਹਿਲਾ ਐਸਐਚਓ ਅਤੇ ਸੀਨੀਅਰ ਅਧਿਕਾਰੀ ਦਰਮਿਆਨ ਨਾਜਾਇਜ਼ ਸਬੰਧ ਹਨ।
ਜਿਸ ਨੂੰ ਵੀ ਜਨਾਬ ਪਸੰਦ ਕਰਨ, ਉਸਨੂੰ…
ਸ਼ਿਕਾਇਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਪੁਲਸ ਅਧਿਕਾਰੀ ਨੂੰ ਪਸੰਦ ਆਉਣ ਵਾਲੀ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਮਹਿਲਾ ਇੰਚਾਰਜ ਉਨ੍ਹਾਂ ਦੇ ਸਾਹਮਣੇ ਪੇਸ਼ ਕਰਦੀ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇੱਕ ਮਹਿਲਾ ਪੁਲਸ ਮੁਲਾਜ਼ਮ ਨੂੰ ਤਾਂ ਜੀਂਦ ਤੋਂ ਵਿਧਾਇਕ ਕ੍ਰਿਸ਼ਨਾ ਮਿੱਢਾ ਵੱਲੋਂ ਵਿਚ ਪੈ ਕੇ ਜਿਨਸੀ ਸ਼ੋਸ਼ਣ ਤੋਂ ਛੁਡਵਾ ਕੇ ਬਚਾ ਲਿਆ ਗਿਆ ਪਰ ਉਸ ਦੀ ਵੀ ਏਸੀਆਰ ਖ਼ਰਾਬ ਕਰ ਦਿੱਤੀ ਗਈ। ਪੱਤਰ ਵਿੱਚ ਆਈਪੀਐਸ ਅਧਿਕਾਰੀ ਦੇ ਨਾਜਾਇਜ਼ ਸਬੰਧਾਂ ਦਾ ਜ਼ਿਕਰ ਹੈ।
‘ਮੁੱਖ ਮੰਤਰੀ ਸਾਹਿਬ, ਮੈਂ ਤੁਹਾਡੀ ਛੋਟੀ ਭੈਣ ਹਾਂ, ਕਿਰਪਾ ਕਰਕੇ ਸਾਨੂੰ ਬਚਾਓ’
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਸੰਬੋਧਿਤ ਇਸ ਪੱਤਰ ਵਿੱਚ ਮਹਿਲਾ ਪੁਲਸ ਮੁਲਾਜ਼ਮ ਨੇ ਆਪਣੇ ਆਪ ਨੂੰ CM ਦੀ ਛੋਟੀ ਭੈਣ ਦੱਸਦਿਆਂ ਲਿਖਿਆ ਹੈ ਕਿ ਜਾਂਚ ਤੋਂ ਬਾਅਦ ਜਾਂਚ ਹੁੰਦੀ ਹੈ, ਪਰ ਕੋਈ ਕਾਰਵਾਈ ਨਹੀਂ ਹੁੰਦੀ। ਕਿਰਪਾ ਕਰਕੇ ਸਾਨੂੰ ਅਜਿਹੇ ਅਫਸਰਾਂ ਤੋਂ ਬਚਾਓ, ਨਹੀਂ ਤਾਂ ਸਾਨੂੰ ਖੁਦਕੁਸ਼ੀ ਕਰਨੀ ਪਵੇਗੀ। ਅਸੀਂ ਗਰੀਬ ਹਾਂ ਅਤੇ ਆਪਣੀ ਯੋਗਤਾ ਦੇ ਆਧਾਰ ‘ਤੇ ਨੌਕਰੀ ਮਿਲੀ ਹੈ। ਇਸ ਅਧਿਕਾਰੀ ਖਿਲਾਫ ਅਜਿਹੀ ਕਾਰਵਾਈ ਕੀਤੀ ਜਾਵੇ ਕਿ ਅਸੀਂ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕੀਏ।
ਵਿਨੇਸ਼ ਫੋਗਾਟ ਨੇ ਕੀਤਾ ਟਵੀਟ, ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਸਜ਼ਾ
ਸਟਾਰ ਓਲੰਪੀਅਨ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਕਿਹਾ ਹੈ ਕਿ ਮੈਨੂੰ ਇਸ ਗੱਲ ਦੀ ਬਹੁਤ ਘੱਟ ਉਮੀਦ ਹੈ ਕਿ ਹਰਿਆਣਾ ਜਾਂ ਕੇਂਦਰ ਸਰਕਾਰ ਇਨ੍ਹਾਂ ਹਰਿਆਣਾ ਪੁਲਸ ਦੀਆਂ ਔਰਤਾਂ ਨਾਲ ਇਨਸਾਫ਼ ਕਰੇਗੀ। ਉਨ੍ਹਾਂ ਦੀ ਅਵਾਜ਼ ਨੂੰ ਜਾਂ ਤਾਂ ਹੁਣ ਤੱਕ ਦਬਾ ਦਿੱਤਾ ਗਿਆ ਹੋਵੇਗਾ, ਜਾਂ ਉਨ੍ਹਾਂ ਨੂੰ ਹਰ ਰੋਜ਼ ਦਬਾਇਆ ਜਾ ਰਿਹਾ ਹੈ। ਸਮੁੱਚਾ ਪੁਲਸ, ਰਾਜਨੀਤਿਕ, ਦਲਾਲ ਸਿਸਟਮ ਤੁਹਾਡੇ ਪਰਿਵਾਰ ਅਤੇ ਤੁਹਾਨੂੰ ਤੋੜਦਾ ਹੈ ਅਤੇ ਤੁਹਾਨੂੰ ਬੇਇਨਸਾਫ਼ੀ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦਾ ਹੈ, ਪਰ ਜਿਸ ਤਰ੍ਹਾਂ ਸਮਾਜ ਦੇ ਹਰ ਵਰਗ ਨੇ ਸਾਡਾ ਸਾਥ ਦਿੱਤਾ, ਅਸੀਂ ਅਤੇ ਸਮੁੱਚਾ ਸਮਾਜ ਵੀ ਉਨ੍ਹਾਂ ਦੇ ਨਾਲ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।