ਰਾਧਾ ਸੁਆਮੀ ਸਤਿਸੰਗ ਬਿਆਸ ਆਸ਼ਰਮ ‘ਚ ਲੜਕੀਆਂ ਨਾਲ ਬਲਾਤਕਾਰ, ਪੁਲਸ ਨੇ ਬੰਦ ਕਰਵਾਇਆ ਆਸ਼ਰਮ

ਰਾਧਾ ਸੁਆਮੀ ਸਤਿਸੰਗ ਬਿਆਸ ਆਸ਼ਰਮ ਬੁਲੰਦਸ਼ਹਿਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਸ਼ਰਮ ਦੇ ਨੌਕਰ ਨੇ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਕੀਤਾ। ਦੋਵੇਂ ਲੜਕੀਆਂ ਸਤਿਸੰਗ ਭਵਨ ‘ਚ ਖੇਡਣ ਜਾਂਦੀਆਂ ਸਨ। ਜਾਣਕਾਰੀ ਮੁਤਾਬਕ ਨੌਕਰ ਪਿਛਲੇ 8 ਮਹੀਨਿਆਂ ਤੋਂ ਦੋਵਾਂ ਲੜਕੀਆਂ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਸੇਵਾਦਾਰ ਪਹਿਲਾਂ ਪ੍ਰਸਾਦ ਦੇ ਨਾਂ ‘ਤੇ ਮੀਠੀ ਗੋਲੀ ‘ਚ ਨਸ਼ੀਲਾ ਪਦਾਰਥ ਪਾ ਕੇ ਖੁਆਇਆ ਸੀ, ਜਿਸ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋ ਜਾਂਦੀ ਤਾਂ ਉਸ ਨਾਲ ਬਲਾਤਕਾਰ ਕਰਦਾ ਸੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮਾਨਸਿਕ ਤੌਰ ‘ਤੇ ਕਮਜ਼ੋਰ ਲੜਕੀ ਦੇ ਪੇਟ ‘ਚ ਦਰਦ ਹੋਣ ਲੱਗਾ, ਜਿਸ ਤੋਂ ਬਾਅਦ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਗਰਭਵਤੀ ਹੋਣ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਾਲੇ ਪਿੰਡ ਵਾਸੀਆਂ ਦੇ ਨਾਲ ਆਸ਼ਰਮ ਪਹੁੰਚ ਗਏ ਅਤੇ ਹੰਗਾਮਾ ਕਰ ਦਿੱਤਾ। ਮਾਮਲਾ ਖੁੱਲ੍ਹਦੇ ਹੀ ਮੁਲਜ਼ਮ ਨੌਕਰ ਫਰਾਰ ਹੋ ਗਿਆ।
ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਲੜਕੀ 5 ਮਹੀਨੇ ਦੀ ਗਰਭਵਤੀ ਸੀ
ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਸਿਆਣਾ ਕੋਤਵਾਲੀ ਇਲਾਕੇ ਦਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਸ ਦੇ ਪੇਟ ‘ਚ ਦਰਦ ਹੋ ਰਿਹਾ ਹੈ। ਅਜਿਹੇ ‘ਚ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਅਲਟਰਾਸਾਊਂਡ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਨੌਕਰ ਦੀ ਗੰਦੀ ਹਰਕਤ ਬਾਰੇ ਪਤਾ ਲੱਗਾ।
ਪੁਲਸ ਨੇ ਦੱਸਿਆ ਕਿ ਨੌਕਰ ਬਜ਼ੁਰਗ ਸੀ, ਇਸ ਲਈ ਉਸ ‘ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਇਸ ਤੋਂ ਇਲਾਵਾ, ਸਤਿਸੰਗ ਵਿਚ ਉਸ ਦਾ ਵਿਵਹਾਰ ਇੰਨਾ ਵਧੀਆ ਸੀ ਕਿ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕੰਮ ਕਰ ਸਕਦਾ ਹੈ। ਲੜਕੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਦੋਸ਼ੀ ਨੌਕਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਆਸ਼ਰਮ ਉਤੇ ਤਾਲਾ ਲਗਾ ਦਿੱਤਾ ਹੈ।