ਇੱਕ ਸਾਲ ‘ਚ ਤਿੰਨ T20 ਫਾਈਨਲ ਹਾਰਨ ਵਾਲੇ ਇਸ ਖਿਡਾਰੀ ਦਾ ਛਲਕਿਆ ਦਰਦ, ਕਿਹਾ ‘ਮੈਂ ਥੱਕਿਆ ਮਹਿਸੂਸ ਕਰ ਰਿਹਾਂ…’

ਭਾਰਤੀ ਕ੍ਰਿਕਟ ਟੀਮ ਦੇ ਖਿਲਾਫ ਆਈਸੀਸੀ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਹਾਰ ਨੇ ਟੀਮ ਦੇ ਸਟਾਰ ਬੱਲੇਬਾਜ਼ ਹੇਨਰਿਕ ਕਲਾਸੇਨ (Heinrich Klaasen) ਨੂੰ ਡੂੰਘਾ ਸਦਮਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਾਲ ਤਿੰਨ ਟੀ-20 ਫਾਈਨਲ ਖੇਡ ਚੁੱਕੇ ਹਨ ਅਤੇ ਮਾਨਸਿਕ ਤੌਰ ‘ਤੇ ਬਹੁਤ ਥੱਕ ਗਏ ਹਨ, ਇਸੇ ਕਾਰਨ ਉਨ੍ਹਾਂ ਨੇ ਕੈਰੇਬੀਅਨ ਪ੍ਰੀਮੀਅਰ ਲੀਗ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਟੀ-20 ਵਿਸ਼ਵ ਕੱਪ ਫਾਈਨਲ ‘ਚ ਹੇਨਰਿਕ ਕਲਾਸੇਨ ਨੇ ਅਕਸ਼ਰ ਪਟੇਲ ਦੇ 15ਵੇਂ ਓਵਰ ‘ਚ ਚੌਕੇ ਅਤੇ ਛੱਕੇ ਲਗਾ ਕੇ ਗੇਮ ਦਾ ਰੁੱਖ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਓਵਰ ਤੋਂ ਬਾਅਦ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਪਿੱਛਾ ਕਰਦੇ ਹੋਏ 30 ਗੇਂਦਾਂ ‘ਤੇ 30 ਦੌੜਾਂ ਦੀ ਲੋੜ ਸੀ।
ਟੀਮ ਆਪਣੀ ਪਹਿਲੀ ਵਿਸ਼ਵ ਕੱਪ ਟਰਾਫੀ ਜਿੱਤਣ ਦੀ ਉਮੀਦ ਕਰ ਰਹੀ ਸੀ ਪਰ ਕਲਾਸੇਨ17ਵੇਂ ਓਵਰ ‘ਚ ਹਾਰਦਿਕ ਪੰਡਯਾ ਦੀ ਗੇਂਦ ‘ਤੇ ਆਊਟ ਹੋ ਗਏ। ਇਹ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ ਅਤੇ ਟੀਮ ਫਾਈਨਲ ਵਿੱਚ 7 ਦੌੜਾਂ ਨਾਲ ਹਾਰ ਗਈ। ਇਸ ਹਾਰ ਦੇ ਮਹੀਨਿਆਂ ਬਾਅਦ ਵੀ ਕਲਾਸੇਨ ‘ਬਰਨ ਆਊਟ’ ਅਤੇ ‘ਮਾਨਸਿਕ ਤੌਰ ‘ਤੇ ਥੱਕਿਆ ਹੋਇਆ’ ਮਹਿਸੂਸ ਕਰ ਰਹੇ ਹਨ।
27 ਗੇਂਦਾਂ ‘ਤੇ 52 ਦੌੜਾਂ ਬਣਾਉਣ ਅਤੇ ਪੰਜ ਛੱਕੇ ਲਗਾਉਣ ਤੋਂ ਕੁਝ ਦਿਨ ਬਾਅਦ, ਕਲਾਸੇਨ ਨੂੰ ਮਾਨਸਿਕ ਸਦਮੇ ਤੋਂ ਉਭਰਨ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ। ਉਹ ਮੇਜਰ ਲੀਗ ਕ੍ਰਿਕਟ (MLC) ਫਰੈਂਚਾਇਜ਼ੀ ਸੀਏਟਲ ਓਰਕਾਸ ਦੇ ਕਪਤਾਨ ਸਨ। 33 ਸਾਲਾ ਕਲਾਸੇਨ ਨੇ ਕਿਹਾ ਕਿ 2024 ਉਨ੍ਹਾਂ ਲਈ ਮੁਸ਼ਕਲ ਸਾਲ ਰਿਹਾ ਹੈ, ਕਿਉਂਕਿ ਉਹ ਤਿੰਨ ਟੀ-20 ਫਾਈਨਲ ਖੇਡੇ ਅਤੇ ਹਾਰੇ ਹਨ।
ਰੈਪੋਰਟ ਅਖਬਾਰ ਨਾਲ ਗੱਲ ਕਰਦੇ ਹੋਏ, ਕਲਾਸੇਨ ਨੇ ਕਿਹਾ, ‘ਟੀ-20 ਵਿਸ਼ਵ ਕੱਪ ਤੋਂ ਬਾਅਦ, ਮੈਂ ਥੋੜਾ ਜਿਹਾ ਬਰਨ ਆਊਟ ਮਹਿਸੂਸ ਕਰ ਰਿਹਾ ਸੀ। ਮੈਂ ਇਸ ਸਾਲ ਤਿੰਨ ਟੀ-20 ਫਾਈਨਲ ਖੇਡੇ – ਡਰਬਨ ਸੁਪਰ ਜਾਇੰਟਸ [SA20], ਸਨਰਾਈਜ਼ਰਜ਼ ਹੈਦਰਾਬਾਦ [IPL] ਅਤੇ ਦੱਖਣੀ ਅਫਰੀਕਾ ਲਈ ਅਤੇ ਤਿੰਨੋਂ ਹਾਰੇ । ਮੈਂ ਮਾਨਸਿਕ ਤੌਰ ‘ਤੇ ਬਹੁਤ ਥੱਕਿਆ ਮਹਿਸੂਸ ਕਰ ਰਿਹਾ ਸੀ।’
ਕਲਾਸੇਨ ਆਪਣੀ ਫਾਰਮ ਨੂੰ ਜਾਰੀ ਨਹੀਂ ਰੱਖ ਸਕੇ ਅਤੇ MLC 2024 ਵਿੱਚ ਛੇ ਪਾਰੀਆਂ ਵਿੱਚ ਸਿਰਫ਼ 97 ਦੌੜਾਂ ਹੀ ਬਣਾ ਸਕੇ। ਸੀਏਟਲ ਓਰਕਾਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਕਲਾਸੇਨ ਨੇ ਕੈਰੇਬੀਅਨ ਪ੍ਰੀਮੀਅਰ ਲੀਗ (CPL) 2024 ਨੂੰ ਛੱਡਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਦੇ ਨਾਲ ਸੇਂਟ ਲੂਸੀਆ ਕਿੰਗਜ਼ ‘ਚ ਸ਼ਾਮਲ ਹੋਣਾ ਸੀ। ਉਨ੍ਹਾਂ ਕਿਹਾ “ਮੈਂ ਪਹਿਲਾਂ ਹੀ ਉਨ੍ਹਾਂ ਲਈ ਖੇਡਣ ਲਈ ਵਚਨਬੱਧ ਸੀ ਪਰ ਬਾਅਦ ਵਿਚ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਮਾਨਸਿਕ ਤੌਰ ‘ਤੇ ਥੱਕ ਗਿਆ ਹਾਂ, ਅਤੇ ਉਨ੍ਹਾਂ ਨੇ ਮੇਰੀ ਇਹ ਗੱਲ ਸਮਝੀ।”