ਕਸ਼ਮੀਰ ‘ਚ ਬਰਫਬਾਰੀ, ਪੰਜਾਬ ਵਿਚ ਵੀ ਬਦਲੇਗਾ ਮੌਸਮ, ਠੰਢ ‘ਤੇ IMD ਦਾ ਅਪਡੇਟ

ਉੱਤਰੀ ਭਾਰਤ ਵਿਚੋਂ ਮਾਨਸੂਨ ਰਵਾਨਾ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਕਤੂਬਰ ਮਹੀਨੇ ‘ਚ ਲੋਕਾਂ ਨੂੰ ਉਮੀਦ ਸੀ ਕਿ ਮਾਨਸੂਨ ਦੇ ਰਵਾਨਾ ਹੁੰਦੇ ਹੀ ਠੰਢ ਸ਼ੁਰੂ ਹੋ ਜਾਵੇਗੀ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।ਇਸ ਸਮੇਂ ਦਿੱਲੀ-ਐਨਸੀਆਰ, ਉੱਤਰਾਖੰਡ, ਹਿਮਾਚਲ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਰਗੇ ਰਾਜਾਂ ਵਿਚ ਗਰਮੀ ਮੁੜ ਜ਼ੋਰ ਫੜ ਰਹੀ ਹੈ।
ਰਾਤ ਨੂੰ ਵੀ ਏ.ਸੀ ਅਤੇ ਕੂਲਰ ਬੰਦ ਨਹੀਂ ਹੋ ਰਹੇ। ਆਮ ਤੌਰ ‘ਤੇ ਇਸ ਮੌਸਮ ‘ਚ ਸਵੇਰੇ-ਸ਼ਾਮ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋਣ ਲੱਗਦੀ ਹੈ ਪਰ ਇਸ ਵਾਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਕਸ਼ਮੀਰ ‘ਚ ਐਤਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਜ਼ਰੂਰ ਹੋਈ ਹੈ।
ਕਸ਼ਮੀਰ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਆਉਣ ਵਾਲੇ ਦਿਨਾਂ ‘ਚ ਸੈਰ-ਸਪਾਟਾ ਵਧਣ ਦੀ ਸੰਭਾਵਨਾ ਹੈ। ਬੱਚਿਆਂ ਲਈ ਦੁਸਹਿਰੇ ਦੀ ਛੁੱਟੀ ਹੋਣ ਕਾਰਨ ਸੈਲਾਨੀ ਘਾਟੀ ਵੱਲ ਜਾ ਸਕਦੇ ਹਨ। ਆਉਣ ਵਾਲੇ ਦਿਨਾਂ ‘ਚ ਬਰਫਬਾਰੀ ਜਾਰੀ ਰਹਿਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਜ਼ਮੀਨੀ ਖੇਤਰ ਦੇ ਮੌਸਮ ਵਿੱਚ ਵੀ ਕੁਝ ਬਦਲਾਅ ਦੀ ਉਮੀਦ ਕੀਤੀ ਜਾ ਸਕਦੀ ਹੈ, ਹਾਲਾਂਕਿ ਉੱਤਰ ਭਾਰਤ ਦੇ ਲੋਕਾਂ ਨੂੰ ਘੱਟੋ-ਘੱਟ ਇੱਕ ਹਫ਼ਤੇ ਤੱਕ ਇਸ ਗਰਮੀ ਨੂੰ ਸਹਿਣਾ ਪਵੇਗਾ।
AC-ਕੂਲਰ ਕਦੋਂ ਬੰਦ ਹੋਣਗੇ?
ਇਸ ਸਮੇਂ ਪੰਜਾਬ, ਹਰਿਆਣਾ ਸਮੇਤ ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਐਨਸੀਆਰ ਵਿੱਚ ਦਿਨ ਦਾ ਤਾਪਮਾਨ 35 ਤੋਂ 36 ਡਿਗਰੀ ਦੇ ਕਰੀਬ ਹੈ। ਜਿਸ ਕਾਰਨ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਲੋਕ ਜੂਨ ਅਤੇ ਜੁਲਾਈ ਵਰਗੀ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਰਾਤ ਨੂੰ ਵੀ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਨਹੀਂ ਮਿਲ ਰਹੀ।
ਇਹੀ ਕਾਰਨ ਹੈ ਕਿ ਅਕਤੂਬਰ ਦਾ ਦੂਸਰਾ ਹਫ਼ਤਾ ਆ ਗਿਆ ਹੈ ਅਤੇ ਏਸੀ ਅਤੇ ਕੂਲਰ ਬੰਦ ਨਹੀਂ ਹੋ ਰਹੇ, ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਕਤੂਬਰ ਦੇ ਤੀਜੇ ਹਫ਼ਤੇ ਤੋਂ ਸਵੇਰੇ ਅਤੇ ਸ਼ਾਮ ਨੂੰ ਮੌਸਮ ਵਿੱਚ ਕੁਝ ਠੰਢਕ ਮਹਿਸੂਸ ਕੀਤੀ ਜਾ ਸਕਦੀ ਹੈ।