CAS ਨੇ ਖਾਰਜ ਕੀਤੀ ਵਿਨੇਸ਼ ਫੋਗਾਟ ਦੀ ਅਪੀਲ, ਨਹੀਂ ਮਿਲੇਗਾ ਮੈਡਲ

ਪੈਰਿਸ ਓਲੰਪਿਕ 2024 ਤੋਂ ਬਾਅਦ ਭਾਰਤੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਚਾਂਦੀ ਦੇ ਤਗਮੇ ਲਈ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ਅਰਜ਼ੀ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ, ਹੁਣ ਇਸ ਮਾਮਲੇ ਦਾ ਫੈਸਲਾ ਬੁੱਧਵਾਰ ਨੂੰ ਆ ਗਿਆ ਹੈ। CAS ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਵਿਨੇਸ਼ ਨੂੰ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਸ ਮਾਮਲੇ ‘ਚ ਫੈਸਲਾ 13 ਅਗਸਤ ਨੂੰ ਦਿੱਤਾ ਜਾਣਾ ਸੀ ਪਰ ਖਬਰ ਆਈ ਸੀ ਕਿ ਫੈਸਲੇ ਦੀ ਤਰੀਕ ਵਧਾ ਕੇ 16 ਅਗਸਤ ਕਰ ਦਿੱਤੀ ਗਈ ਹੈ। ਪਰ ਹੁਣ ਉਸ ਤੋਂ ਪਹਿਲਾਂ ਹੀ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਕੀ ਹੈ ਅਤੇ ਇਹ ਕਿਵੇਂ ਸ਼ੁਰੂ ਹੋਇਆ ਸੀ। ਅਸਲ ਵਿੱਚ ਪੈਰਿਸ ਓਲੰਪਿਕ 2024 ਦੇ ਦੌਰਾਨ ਵਿਨੇਸ਼ ਨੇ 6 ਅਗਸਤ ਨੂੰ ਲਗਾਤਾਰ 3 ਮੈਚ ਖੇਡ ਕੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ ‘ਚ ਪ੍ਰਵੇਸ਼ ਕਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਸੋਨ ਤਗਮੇ ਦਾ ਮੈਚ 7 ਅਗਸਤ ਦੀ ਰਾਤ ਨੂੰ ਹੋਣਾ ਸੀ ਪਰ ਵਿਨੇਸ਼ ਨੂੰ ਉਸੇ ਦਿਨ ਸਵੇਰੇ ਅਯੋਗ ਕਰਾਰ ਦੇ ਦਿੱਤਾ ਗਿਆ ਕਿਉਂਕਿ ਮੈਚ ਤੋਂ ਪਹਿਲਾਂ ਉਸ ਦਾ ਭਾਰ 100 ਗ੍ਰਾਮ ਵੱਧ ਦਰਜ਼ ਕੀਤਾ ਗਿਆ ਸੀ।
ਇਸ ਤੋਂ ਬਾਅਦ ਵਿਨੇਸ਼ ਨੇ CAS ‘ਚ ਕੇਸ ਦਰਜ ਕਰਵਾਇਆ। ਵਿਨੇਸ਼ ਦੀ ਪਹਿਲੀ ਮੰਗ ਸੀ ਕਿ ਉਸ ਨੂੰ ਗੋਲਡ ਮੈਡਲ ਮੈਚ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਵਿਨੇਸ਼ ਦੀ ਮੰਗ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਨੇਸ਼ ਨੇ ਅਪੀਲ ਕੀਤੀ ਅਤੇ ਕਿਹਾ ਕਿ ਉਸ ਨੂੰ ਇਸ ਈਵੈਂਟ ‘ਚ ਸਿਲਵਰ ਮੈਡਲ ਦਿੱਤਾ ਜਾਵੇ। ਹੁਣ ਇਹ ਅਪੀਲ ਵੀ ਰੱਦ ਕਰ ਦਿੱਤੀ ਗਈ ਹੈ।
- First Published :