2,000 ਰੁਪਏ ਦੇ ਨੋਟਾਂ ਨੂੰ ਲੈ ਕੇ ਆਇਆ RBI ਦਾ ਵੱਡਾ ਬਿਆਨ, ਅਜੇ ਵੀ ਲੋਕਾਂ ਕੋਲ ਬਾਕੀ ਹਨ 3% ਕਰੰਸੀ ਨੋਟ, ਪੜ੍ਹੋ ਡਿਟੇਲ

ਪਿਛਲੇ ਸਾਲ ਦੇਸ਼ ਭਰ ਦੇ ਬੈਂਕਾਂ ‘ਚ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ। ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ 7,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ 2,000 ਰੁਪਏ ਦੇ ਨੋਟ ਅਜੇ ਵੀ ਬਾਜ਼ਾਰ ਵਿੱਚ ਉਪਲਬਧ ਹਨ। ਇਸ ਦੌਰਾਨ, ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ। ਰਿਜ਼ਰਵ ਬੈਂਕ ਮੁਤਾਬਕ 2000 ਰੁਪਏ ਦੇ 97 ਫੀਸਦੀ ਨੋਟ ਹੁਣ ਤੱਕ ਵਾਪਸ ਆ ਚੁੱਕੇ ਹਨ। ਪਰ ਕਰੀਬ 3% ਨੋਟ ਅਜੇ ਵੀ ਲੋਕਾਂ ਕੋਲ ਮੌਜੂਦ ਹਨ।
ਵਾਪਸ ਆ ਚੁੱਕੇ ਹਨ 97.96% ਨੋਟ
ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ 2000 ਰੁਪਏ ਦੇ ਨੋਟਾਂ ਦੀ ਵਾਪਸੀ ਦਾ ਡਾਟਾ ਜਾਰੀ ਕੀਤਾ, ਜਿਸ ‘ਚ ਸੈਂਟਰਲ ਬੈਂਕ ਨੇ ਕਿਹਾ ਕਿ 2000 ਰੁਪਏ ਦੇ ਨੋਟਾਂ ‘ਚੋਂ 97.96 ਫੀਸਦੀ ਬੈਂਕਾਂ ‘ਚ ਵਾਪਸ ਆ ਚੁੱਕੇ ਹਨ ਪਰ 7,261 ਕਰੋੜ ਰੁਪਏ ਦੇ ਗੁਲਾਬੀ ਨੋਟ ਅਜੇ ਵੀ ਬਾਜ਼ਾਰ ‘ਚ ਮੌਜੂਦ ਹਨ। ਦੱਸ ਦਈਏ ਕਿ 2000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਹਟਾਉਣ ਦੇ ਆਦੇਸ਼ ਤੋਂ ਬਾਅਦ ਸ਼ੁਰੂਆਤੀ ਦੌਰ ‘ਚ ਲੋਕਾਂ ਨੇ ਵੱਡੀ ਗਿਣਤੀ ‘ਚ ਬੈਂਕਾਂ ‘ਚ 2000 ਰੁਪਏ ਦੇ ਨੋਟ ਜਮ੍ਹਾ ਕਰਵਾਏ ਸਨ। ਪਰ ਹੌਲੀ-ਹੌਲੀ ਉਨ੍ਹਾਂ ਦੀ ਰਫ਼ਤਾਰ ਘਟਦੀ ਗਈ।
ਜੁਲਾਈ-ਅਗਸਤ ਵਿੱਚ ਵਾਪਸ ਆਏ ਇੰਨੇ ਨੋਟ
ਆਰਬੀਆਈ ਵੱਲੋਂ ਇਸ ਸਾਲ 1 ਜੁਲਾਈ ਨੂੰ ਜਾਰੀ ਅੰਕੜਿਆਂ ਮੁਤਾਬਕ 7581 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਬਜ਼ਾਰ ਵਿੱਚ ਮੌਜੂਦ ਸਨ। ਜੋ ਦੋ ਮਹੀਨਿਆਂ ਵਿੱਚ 7000 ਕਰੋੜ ਰੁਪਏ ਤੋਂ ਹੇਠਾਂ ਨਹੀਂ ਆ ਸਕਿਆ। ਜੁਲਾਈ ਅਤੇ ਅਗਸਤ ਵਿੱਚ ਲੋਕਾਂ ਨੇ ਸਿਰਫ਼ 320 ਕਰੋੜ ਰੁਪਏ ਦੇ ਨੋਟ ਹੀ ਬੈਂਕਾਂ ਵਿੱਚ ਵਾਪਸ ਜਮ੍ਹਾਂ ਕਰਵਾਏ ਹਨ। ਪਿਛਲੇ ਸਾਲ ਮਈ ‘ਚ ਜਦੋਂ ਇਨ੍ਹਾਂ ਨੋਟਾਂ ਨੂੰ ਬੰਦ ਕੀਤਾ ਗਿਆ ਸੀ ਤਾਂ ਬਾਜ਼ਾਰ ‘ਚ ਕੁੱਲ 3.56 ਲੱਖ ਕਰੋੜ ਰੁਪਏ ਦੇ ਨੋਟ ਮੌਜੂਦ ਸਨ। 29 ਦਸੰਬਰ 2023 ਤੱਕ ਇਹ ਅੰਕੜਾ ਘਟ ਕੇ 9,330 ਕਰੋੜ ਰੁਪਏ ਰਹਿ ਗਿਆ ਸੀ।
19 ਮਈ 2023 ਨੂੰ ਬੰਦ ਕਰ ਦਿੱਤੇ ਗਏ ਸਨ 2000 ਰੁਪਏ ਦੇ ਨੋਟ
ਤੁਹਾਨੂੰ ਦੱਸ ਦੇਈਏ ਕਿ ਕਲੀਨ ਨੋਟ ਪਾਲਿਸੀ ਦੇ ਤਹਿਤ, ਰਿਜ਼ਰਵ ਬੈਂਕ ਨੇ 19 ਮਈ 2023 ਨੂੰ ਦੇਸ਼ ਵਿੱਚ ਪ੍ਰਚਲਿਤ 2000 ਰੁਪਏ ਦੇ ਸਭ ਤੋਂ ਵੱਧ ਮੁੱਲ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਬੈਂਕ ਨੇ ਇਨ੍ਹਾਂ ਨੋਟਾਂ ਨੂੰ ਸਾਰੇ ਸਥਾਨਕ ਬੈਂਕਾਂ ਤੋਂ ਇਲਾਵਾ ਆਰਬੀਆਈ ਦੇ 19 ਖੇਤਰੀ ਦਫ਼ਤਰਾਂ ਵਿੱਚ ਜਮ੍ਹਾ ਕਰਨ ਲਈ ਕਿਹਾ ਸੀ। ਜਿਸ ਦੀ ਅੰਤਿਮ ਮਿਤੀ 23 ਮਈ ਤੋਂ 30 ਸਤੰਬਰ 2023 ਰੱਖੀ ਗਈ ਹੈ। ਪਰ ਇਸ ਤੋਂ ਬਾਅਦ ਵੀ ਆਰਬੀਆਈ ਨੇ ਕਈ ਵਾਰ ਸਮਾਂ ਸੀਮਾ ਵਧਾ ਦਿੱਤੀ।
ਹੁਣ ਤੁਸੀਂ 2000 ਰੁਪਏ ਦੇ ਨੋਟ ਕਿਵੇਂ ਜਮ੍ਹਾ ਕਰਵਾ ਸਕਦੇ ਹੋ?
ਜੇਕਰ ਤੁਹਾਡੇ ਕੋਲ ਅਜੇ ਵੀ ਦੋ ਹਜ਼ਾਰ ਰੁਪਏ ਦੇ ਨੋਟ ਹਨ, ਤਾਂ ਵੀ ਤੁਸੀਂ ਉਨ੍ਹਾਂ ਨੂੰ ਬਦਲ ਸਕਦੇ ਹੋ। ਪਰ ਇਸਦੇ ਲਈ ਤੁਹਾਨੂੰ ਆਰਬੀਆਈ ਸ਼ਾਖਾ ਵਿੱਚ ਜਾਣਾ ਹੋਵੇਗਾ। ਜਿਨ੍ਹਾਂ ਵਿੱਚੋਂ ਦੇਸ਼ ਵਿੱਚ ਸਿਰਫ਼ 19 ਹਨ। RBI ਦੀਆਂ ਇਹ 19 ਸ਼ਾਖਾਵਾਂ ਅਹਿਮਦਾਬਾਦ, ਬੇਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿੱਚ ਸਥਿਤ ਹਨ। ਇੰਨਾ ਹੀ ਨਹੀਂ, ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਡਾਕਘਰ ਵਿੱਚ ਇੰਡੀਆ ਪੋਸਟ ਰਾਹੀਂ ਆਪਣੇ ਨੋਟ ਜਮ੍ਹਾ ਵੀ ਕਰਵਾ ਸਕਦੇ ਹੋ।