UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਚੰਗੀ ਖ਼ਬਰ… ਹੁਣ 5 ਲੱਖ ਤੱਕ ਦਾ ਕਰ ਸਕਦੇ ਹੋ ਲੈਣ-ਦੇਣ

ਭਾਰਤ ਵਿੱਚ ਡਿਜੀਟਲ ਭੁਗਤਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕ ਹੁਣ ਚਾਹ ਦੀਆਂ ਦੁਕਾਨਾਂ ਤੋਂ ਲੈ ਕੇ ਸ਼ੌਪਿੰਗ ਮਾਲਾਂ ਤੱਕ ਔਨਲਾਈਨ ਪੇਮੈਂਟ ਕਰ ਰਹੇ ਹਨ। ਪਰ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕਦੇ-ਕਦੇ ਸਾਨੂੰ ਮੈਸੇਜ ਆਉਂਦਾ ਹੈ ਕਿ ਤੁਸੀਂ UPI ਦੀ ਨਿਰਧਾਰਿਤ ਸੀਮਾ ਤੱਕ ਲੈਣ-ਦੇਣ ਕਰ ਚੁੱਕੇ ਹੋ ਅਤੇ ਇਸ ਤੋਂ ਬਾਅਦ ਕਿਸੇ ਨੂੰ ਵੀ UPI ਰਾਹੀਂ ਭੁਗਤਾਨ ਨਹੀਂ ਕਰ ਸਕਦੇ। ਪਰ ਹੁਣ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕ ਆਪਣੇ ਪਰਸ ਵਿੱਚ ਘੱਟ ਪੈਸੇ ਰੱਖਦੇ ਹਨ।
ਜਿੱਥੇ ਕਿਤੇ ਵੀ ਲੋੜ ਹੋਵੇ, UPI ਰਾਹੀਂ ਲੈਣ-ਦੇਣ ਕਰ ਦਿੰਦੇ ਹਨ। ਪਹਿਲਾਂ ਇਸ ਰਾਹੀਂ ਭੁਗਤਾਨ ਦੀ ਸੀਮਾ ਸਿਰਫ 1 ਲੱਖ ਰੁਪਏ ਸੀ, ਪਰ ਹੁਣ NPCI ਨੇ ਇਸ ਸੀਮਾ ਨੂੰ ਵਧਾ ਦਿੱਤਾ ਹੈ। UPI ਨੂੰ ਚਲਾਉਣ ਵਾਲੀ ਏਜੰਸੀ NPCI ਨੇ ਕੁਝ ਸਥਿਤੀਆਂ ਲਈ ਇਹ ਸੀਮਾ ਵਧਾ ਦਿੱਤੀ ਹੈ, ਜੋ ਕਿ ਐਤਵਾਰ, 15 ਸਤੰਬਰ ਤੋਂ ਲਾਗੂ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਹੁਣ UPI ਰਾਹੀਂ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ। NPCI ਨੇ ਆਪਣਾ ਨਵਾਂ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਭੁਗਤਾਨ ਕੁਝ ਸ਼੍ਰੇਣੀਆਂ ‘ਚ ਹੀ ਕੀਤਾ ਜਾ ਸਕਦਾ ਹੈ।
ਆਰਬੀਆਈ (Reserve Bank of India) ਦੇ ਗਵਰਨਰ ਸ਼ਕਤੀਕਾਂਤ ਦਾਸ (Shaktikant Das) ਨੇ ਪਿਛਲੇ ਮਹੀਨੇ 8 ਅਗਸਤ ਨੂੰ ਹੋਈ ਮੁਦਰਾ ਨੀਤੀ ਸਮੀਖਿਆ ਮੀਟਿੰਗ (Monetary Policy Review Meeting) ਵਿੱਚ ਐਲਾਨ ਕੀਤਾ ਸੀ ਕਿ ਯੂਪੀਆਈ ਰਾਹੀਂ ਲੈਣ-ਦੇਣ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਜਾਵੇਗੀ, ਜਿਸ ਨੂੰ ਹੁਣ ਐਤਵਾਰ ਤੋਂ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਆਉਣ ਵਾਲੇ ਸਮੇਂ ‘ਚ UPI ਰਾਹੀਂ ਭੁਗਤਾਨ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ।
ਤੁਸੀਂ ਇਹਨਾਂ ਸ਼੍ਰੇਣੀਆਂ ਵਿੱਚ ਕਰ ਸਕਦੇ ਹੋ ਲੈਣ-ਦੇਣ
-
ਟੈਕਸ ਦਾ ਭੁਗਤਾਨ: ਇਹ ਨਿਯਮ ਸਿਰਫ ਰਜਿਸਟਰਡ ਕਾਰੋਬਾਰੀਆਂ ‘ਤੇ ਲਾਗੂ ਹੋਵੇਗਾ।
-
ਮੈਡੀਕਲ ਸਹੂਲਤਾਂ: ਇਹ ਸਹੂਲਤ ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨ ਲਈ ਉਪਲਬਧ ਹੋਵੇਗੀ।
-
ਫੀਸਾਂ: ਵਿਦਿਅਕ ਅਦਾਰਿਆਂ ਵਿੱਚ ਫੀਸ ਅਦਾ ਕੀਤੀ ਜਾ ਸਕਦੀ ਹੈ।
-
ਸਟਾਕ ਮਾਰਕੀਟ: ਇਸਦੀ ਵਰਤੋਂ ਆਈਪੀਓ ਅਤੇ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਵਿੱਚ ਕੀਤੀ ਜਾਵੇਗੀ।