ਬਲੋਚ ਵਿਦਰੋਹੀਆਂ ਨੇ ਪਾਕਿਸਤਾਨੀ ਟਰੇਨ ਨੂੰ ਕੀਤਾ ਹਾਈਜੈਕ, 120 ਯਾਤਰੀਆਂ ਨੂੰ ਬਣਾਇਆ ਬੰਧਕ

Pakistan: ਪਾਕਿਸਤਾਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ , ਜਿਥੇ ਇਸ ਵਾਰ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਪਾਕਿਸਤਾਨ ਦੀ ਸਭ ਤੋਂ ਵਿਸ਼ੇਸ਼ ਰੇਲ ਗੱਡੀ ਜਾਫਰ ਐਕਸਪ੍ਰੈਸ ‘ਤੇ ਕਬਜ਼ਾ ਕਰ ਲਿਆ ਹੈ ਅਤੇ 120 ਯਾਤਰੀਆਂ ਨੂੰ ਬੰਧਕ ਬਣਾ ਲਿਆ ਹੈ। ਬੀਐਲਏ ਦੇ ਬੁਲਾਰੇ ਨੇ ਦੱਸਿਆ ਕਿ ਇਹ ਅਪਰੇਸ਼ਨ ਬੀਐਲਏ ਮਜੀਦ ਬ੍ਰਿਗੇਡ ਫਤਿਹ ਸਕੁਐਡ ਅਤੇ ਐਸ.ਟੀ.ਓ.ਐਸ. ਵੱਲੋਂ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ ਜਿਵੇਂ ਹੀ ਪਾਕਿਸਤਾਨ ਸਰਕਾਰ ਅਤੇ ਫੌਜ ਨੂੰ ਰੇਲਗੱਡੀ ਦੇ ਕਬਜ਼ੇ ਦੀ ਖਬਰ ਮਿਲੀ ਤਾਂ ਉਨ੍ਹਾਂ ਦੇ ਸਾਹ ਰੁਕ ਗਏ। ਬੰਧਕਾਂ ਦੀ ਰਿਹਾਈ ਲਈ ਯਤਨ ਕੀਤੇ ਜਾ ਰਹੇ ਹਨ।
ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਮੰਗਲਵਾਰ ਨੂੰ ਬਲੋਚਿਸਤਾਨ ‘ਚ ਪੇਸ਼ਾਵਰ ਜਾ ਰਹੀ ਟਰੇਨ ‘ਤੇ ਗੋਲੀਬਾਰੀ ਹੋਈ। ਇਸ ਤੋਂ ਬਾਅਦ ਫੌਜ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ‘ਤੇ ਪਹਿਰੋ ਕੁਨਰੀ ਅਤੇ ਗਦਾਲਰ ਵਿਚਕਾਰ ਭਾਰੀ ਗੋਲੀਬਾਰੀ ਦੀਆਂ ਖਬਰਾਂ ਹਨ। ਰੇਲਵੇ ਕੰਟਰੋਲਰ ਮੁਹੰਮਦ ਕਾਸ਼ਿਫ਼ ਨੇ ਦੱਸਿਆ ਕਿ ਨੌ ਡੱਬਿਆਂ ਵਾਲੀ ਇਸ ਰੇਲਗੱਡੀ ਵਿੱਚ ਕਰੀਬ 500 ਯਾਤਰੀ ਸਵਾਰ ਸਨ। ਪਰ ਬਲੋਚ ਲਿਬਰੇਸ਼ਨ ਆਰਮੀ ਦੇ ਜਵਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪੂਰੀ ਟਰੇਨ ‘ਤੇ ਕਬਜ਼ਾ ਕਰ ਲਿਆ ਹੈ।
ਬਲੋਚ ਬਾਗੀਆਂ ਨੇ ਟਰੇਨ ਨੂੰ ਸੁਰੰਗ ਵਿੱਚ ਰੋਕ ਦਿੱਤਾ
ਪਾਕਿਸਤਾਨ ਰੇਲਵੇ ਮੁਤਾਬਕ ਜਦੋਂ ਟਰੇਨ ਸੁਰੰਗ ਨੰਬਰ 8 ਤੋਂ ਲੰਘ ਰਹੀ ਸੀ ਤਾਂ ਹਥਿਆਰਬੰਦ ਅੱਤਵਾਦੀਆਂ ਨੇ ਟਰੇਨ ਨੂੰ ਰੋਕ ਲਿਆ। ਯਾਤਰੀਆਂ ਅਤੇ ਕਰਮਚਾਰੀਆਂ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਹੋਇਆ ਹੈ। ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।ਐਂਬੂਲੈਂਸ ਅਤੇ ਸੁਰੱਖਿਆ ਬਲਾਂ ਨੂੰ ਉਸ ਖੇਤਰ ਵੱਲ ਭੇਜਿਆ ਗਿਆ ਹੈ। ਰਿਉਂਦ ਨੇ ਦੱਸਿਆ ਕਿ ਪਥਰੀਲੀ ਇਲਾਕਾ ਹੋਣ ਕਾਰਨ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਨੇ ਬਚਾਅ ਕਾਰਜਾਂ ਲਈ ਹੋਰ ਰੇਲ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਹੈ।