50 ਸਾਲਾਂ ਦਾ ਸਭ ਤੋਂ ਖਤਰਨਾਕ ਤੂਫਾਨ, ਸਕੂਲ ਬੰਦ, ਕਈ ਸ਼ਹਿਰਾਂ ‘ਚ ਬਿਜਲੀ ਗੁੱਲ, ਲੋਕਾਂ ਨੂੰ ਰਾਸ਼ਨ ਜਮ੍ਹਾਂ ਕਰਨ ਦੇ ਹੁਕਮ…

ਆਸਟ੍ਰੇਲੀਆ ਦੇ ਪੂਰਬੀ ਤੱਟ ਉਤੇ ਲੱਖਾਂ ਲੋਕ ਭਿਆਨਕ ਚੱਕਰਵਾਤ ਤੋਂ ਡਰੇ ਹੋਏ ਹਨ। ਇਹ ਤੂਫ਼ਾਨ ਪਿਛਲੇ 50 ਸਾਲਾਂ ਵਿਚ ਇਸ ਖੇਤਰ ਵਿੱਚ ਆਏ ਸਭ ਤੋਂ ਖ਼ਤਰਨਾਕ ਚੱਕਰਵਾਤਾਂ ਵਿੱਚੋਂ ਇੱਕ ਹੈ। ਇਸ ਦਾ ਨਾਮ ਐਲਫ੍ਰੇਡ ਹੈ ਜੋ ਸ਼ੁੱਕਰਵਾਰ ਦੇਰ ਰਾਤ ਜਾਂ ਸ਼ਨੀਵਾਰ ਸਵੇਰ ਤੱਕ ਤੱਟ ਉਤੇ ਤਬਾਹੀ ਮਚਾ ਸਕਦਾ ਹੈ। ਇਹ ਚੱਕਰਵਾਤ ਸ਼੍ਰੇਣੀ-1 (Cyclone Category-1) ਦਾ ਹੈ। ਇਹ ਬ੍ਰਿਸਬੇਨ ਵੱਲ ਵਧ ਰਿਹਾ ਹੈ, ਜਿੱਥੇ 25 ਲੱਖ ਲੋਕ ਰਹਿੰਦੇ ਹਨ।
ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਸਵੇਰ ਤੱਕ ਚੱਕਰਵਾਤ ਐਲਫ੍ਰੇਡ ਬ੍ਰਿਸਬੇਨ ਤੋਂ ਲਗਭਗ 195 ਕਿਲੋਮੀਟਰ ਪੂਰਬ ਵੱਲ ਸੀ ਅਤੇ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮ ਵੱਲ ਵਧ ਰਿਹਾ ਸੀ। ਆਸਟਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਦੇ ਅਨੁਸਾਰ ਚੱਕਰਵਾਤ ਨੇ ਪਹਿਲਾਂ ਹੀ ਤੱਟਵਰਤੀ ਖੇਤਰਾਂ ਵਿੱਚ ਖਤਰਨਾਕ ਲਹਿਰਾਂ ਪੈਦਾ ਕਰ ਦਿੱਤੀਆਂ ਹਨ। ਗੋਲਡ ਕੋਸਟ ‘ਤੇ 12.3 ਮੀਟਰ ਦੀ ਰਿਕਾਰਡ ਉਚਾਈ ਦੀ ਲਹਿਰ ਦੇਖੀ ਗਈ।
ਲੋਕਾਂ ਨੂੰ ਤੱਟਵਰਤੀ ਇਲਾਕਿਆਂ ਵਿਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਗੋਲਡ ਕੋਸਟ ਸਿਟੀ ਕੌਂਸਲ ਨੇ ਚੱਟਾਨਾਂ ਅਤੇ ਖਤਰਨਾਕ ਪਾਣੀਆਂ ਦੇ ਨੇੜੇ ਜਾਣ ਵਾਲਿਆਂ ਨੂੰ 10,000 ਡਾਲਰ (8.71 ਲੱਖ ਰੁਪਏ) ਦੇ ਜੁਰਮਾਨੇ ਦੀ ਚਿਤਾਵਨੀ ਦਿੱਤੀ ਹੈ। ਉੱਤਰੀ ਨਿਊ ਸਾਊਥ ਵੇਲਜ਼ (NSW) ਵਿਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਲਗਭਗ 35,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਹੋ ਗਈ। ਨਦੀਆਂ ਵਿੱਚ ਹੜ੍ਹ ਆਉਣ ਦਾ ਵੀ ਖਤਰਾ ਹੈ। NSW ਸਟੇਟ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਉਸ ਨੂੰ ਵੀਰਵਾਰ ਨੂੰ 1,800 ਤੋਂ ਵੱਧ ਕਾਲਾਂ ਆਈਆਂ ਸਨ। ਘੱਟੋ-ਘੱਟ ਤਿੰਨ ਹੜ੍ਹ ਬਚਾਅ ਕਾਰਜ ਕੀਤੇ ਗਏ।
ਭਾਰੀ ਮੀਂਹ ਦੀ ਚਿਤਾਵਨੀ
ਤੂਫਾਨ ਦੇ ਰਸਤੇ ਵਿਚ ਆਉਣ ਵਾਲੇ ਲੱਖਾਂ ਨਿਵਾਸੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ, ਅਚਾਨਕ ਹੜ੍ਹਾਂ ਅਤੇ ਤੂਫਾਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਤੱਟ ਦੇ ਨਾਲ-ਨਾਲ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ 200 ਤੋਂ 400 ਮਿਲੀਮੀਟਰ ਅਤੇ ਕੁਝ ਥਾਵਾਂ ‘ਤੇ 500 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਕੁਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁੱਲੀ ਨੇ ਵੀਰਵਾਰ ਦੇਰ ਰਾਤ ਨੂੰ ਲਹਿਰਾਂ, ਹਵਾ, ਮੀਂਹ ਅਤੇ ਹੜ੍ਹ ਸਮੇਤ ਚਾਰ ਵੱਡੀਆਂ ਚੁਣੌਤੀਆਂ ਬਾਰੇ ਚ੍ਤਾਵਨੀ ਦਿੱਤੀ।
50 ਸਾਲਾਂ ਦਾ ਸਭ ਤੋਂ ਵੱਡਾ ਤੂਫਾਨ
ਤੂਫਾਨ ਦੇ ਮੱਦੇਨਜ਼ਰ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਨਤਕ ਆਵਾਜਾਈ ਵੀ ਬੰਦ ਹੈ। ਦੁਕਾਨਾਂ ਅਤੇ ਲਗਭਗ ਸਾਰੀਆਂ ਸੇਵਾਵਾਂ ਬੰਦ ਹਨ। ਵੀਰਵਾਰ ਨੂੰ ਬ੍ਰਿਸਬੇਨ ਦੇ ਸੁਪਰਮਾਰਕੀਟਾਂ ਤੋਂ ਲੋਕਾਂ ਨੂੰ ਭੋਜਨ ਅਤੇ ਬੋਤਲਬੰਦ ਪਾਣੀ ਖਰੀਦਦੇ ਦੇਖਿਆ ਗਿਆ। ਹੜ੍ਹਾਂ ਤੋਂ ਬਚਣ ਲਈ ਮਿੱਟੀ ਨਾਲ ਭਰੇ ਹਜ਼ਾਰਾਂ ਥੈਲੇ ਵੰਡੇ ਗਏ। ਇਹ 50 ਸਾਲਾਂ ਵਿੱਚ ਸਭ ਤੋਂ ਵੱਡਾ ਤੂਫ਼ਾਨ ਦੱਸਿਆ ਜਾ ਰਿਹਾ ਹੈ, ਪਿਛਲੀ ਵਾਰ 1974 ਵਿੱਚ ਇਸੇ ਤਰ੍ਹਾਂ ਦਾ ਤੂਫ਼ਾਨ ਜੋ ਇਸ ਖੇਤਰ ਵਿੱਚ ਆਇਆ ਸੀ, ਜਿਸ ਕਾਰਨ ਸ਼ਹਿਰਾਂ ਅਤੇ ਨਦੀਆਂ ਵਿੱਚ ਹੜ੍ਹ ਆ ਗਿਆ ਸੀ।