ਸਿਰਫ਼ ਇੱਕ ਖਾਨ ਨਾਲ ਦੂਰ ਹੋ ਸਕਦਾ ਹੈ ਪਾਕਿਸਤਾਨ ਦਾ ਆਰਥਿਕ ਸੰਕਟ, ਬਲੋਚਿਸਤਾਨ ‘ਚ ਲੁਕਿਆ ਹੈ ਖ਼ਜ਼ਾਨਾ

ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਅਤੇ ਮਿੱਤਰ ਦੇਸ਼ਾਂ ਤੋਂ ਵਿੱਤੀ ਸਹਾਇਤਾ ਦੇ ਬਾਵਜੂਦ ਦੇਸ਼ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸਾਲ 2022 ‘ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਪਾਕਿਸਤਾਨ ਇਸ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੇਂ ਪਾਕਿਸਤਾਨ ‘ਤੇ ਅਰਬਾਂ ਡਾਲਰ ਦਾ ਵਿਦੇਸ਼ੀ ਕਰਜ਼ਾ ਹੈ ਅਤੇ ਦੇਸ਼ ‘ਚ ਗਰੀਬੀ ਦਰ 40 ਫੀਸਦੀ ਦੇ ਕਰੀਬ ਹੈ। ਹਾਲਾਂਕਿ, ਪਾਕਿਸਤਾਨ ਕੋਲ ਇੱਕ ਅਜਿਹੀ ਚੀਜ਼ ਹੈ ਜੋ ਦੇਸ਼ ਇਸ ਸੰਕਟ ਵਿੱਚੋਂ ਬਾਹਰ ਕੱਢ ਸਕਦੀ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਖਾਸ ਤੌਰ ‘ਤੇ ਰੇਕੋ ਡਿਕ ਖਾਨ ‘ਚ ਵੱਡੀ ਮਾਤਰਾ ਵਿੱਚ ਸੋਨਾ ਹੈ।
ਰੇਕੋ ਡਿਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੋਨੇ ਅਤੇ ਤਾਂਬੇ ਦੀਆਂ ਖਾਣਾਂ ਵਿੱਚੋਂ ਇੱਕ ਹੈ। ਇਸ ਕਾਰਨ ਇਹ ਦੇਸ਼ ਲਈ ਮਹੱਤਵਪੂਰਨ ਸੰਪਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਲੋਚਿਸਤਾਨ ਦੇ ਚਾਗਈ ਜ਼ਿਲ੍ਹੇ ਵਿੱਚ ਸਥਿਤ ਰੇਕੋ ਡਿਕ ਖਾਨ ਵਿੱਚ ਲੱਖਾਂ ਟਨ ਸੋਨਾ ਹੈ। ਇਹ ਸੋਨੇ ਅਤੇ ਤਾਂਬੇ ਦੀ ਖਾਨ ਪਾਕਿਸਤਾਨ ਦੇ ਗੰਭੀਰ ਆਰਥਿਕ ਸੰਕਟ ਨੂੰ ਘੱਟ ਕਰਨ ਵਿੱਚ ਇੱਕ ਮਹੱਤਵਪੂਰਨ ਸਰੋਤ ਵਜੋਂ ਕੰਮ ਕਰ ਸਕਦੀ ਹੈ।
ਇਸ ਤੋਂ ਪੈਦਾ ਹੋਣ ਵਾਲਾ ਸੋਨਾ ਪਾਕਿਸਤਾਨ ਦੀਆਂ ਆਰਥਿਕ ਚੁਣੌਤੀਆਂ ਨੂੰ ਘੱਟ ਕਰ ਸਕਦਾ ਹੈ। ਇਸ ਲਈ ਸਰਕਾਰ ਹੁਣ ਇਸ ਖਾਨ ਦੀ 15 ਫੀਸਦੀ ਹਿੱਸੇਦਾਰੀ ਸਾਊਦੀ ਅਰਬ ਨੂੰ ਵੇਚਣ ‘ਤੇ ਵਿਚਾਰ ਕਰ ਰਹੀ ਹੈ। ਜਿਸ ਨਾਲ ਪਾਕਿਸਤਾਨ ਦੀ ਆਰਥਿਕਤਾ ਨੂੰ ਕਾਫੀ ਰਾਹਤ ਮਿਲ ਸਕਦੀ ਹੈ। ਰੇਕੋ ਡਿਕ ਖਾਨ ਬਲੋਚਿਸਤਾਨ, ਪਾਕਿਸਤਾਨ ਦੇ ਚਗਈ ਜ਼ਿਲ੍ਹੇ ਵਿੱਚ ਰੇਕੋ ਡਿਕ ਕਸਬੇ ਦੇ ਨੇੜੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਰੇਕੋ ਡਿਕ ਕੋਲ ਤਾਂਬੇ ਅਤੇ ਸੋਨੇ ਦਾ ਦੁਨੀਆ ਦਾ ਸਭ ਤੋਂ ਵੱਡਾ ਭੰਡਾਰ ਹੈ।
ਰੇਕੋ ਡਿਕ ਖੇਤਰ ਚਾਗਈ ਜਵਾਲਾਮੁਖੀ ਸ਼੍ਰੰਖਲਾ ਦੇ ਕਈ ਤਬਾਹ ਹੋਏ ਜਵਾਲਾਮੁਖੀ ਕੇਂਦਰਾਂ ਵਿੱਚੋਂ ਇੱਕ ਹੈ। ਇਹ ਬਲੋਚਿਸਤਾਨ ਵਿੱਚ ਪੂਰਬ-ਪੱਛਮ ਵਿੱਚ ਕਵੇਟਾ-ਤਫ਼ਤਾਨ ਲਾਈਨ ਰੇਲਵੇ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਵਿਚਕਾਰ ਸਥਿਤ ਹੈ। ਬਲੂਮਬਰਗ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੇਕੋ ਡਿਕ ਦੁਨੀਆ ਦੇ ਸਭ ਤੋਂ ਵੱਡੇ ਤਾਂਬੇ ਅਤੇ ਸੋਨੇ ਦੇ ਭੰਡਾਰਾਂ ਵਿੱਚੋਂ ਇੱਕ ਹੈ। ਜਿਸ ਦੀ ਅੱਧੀ ਸਦੀ ਤੋਂ ਵੱਧ ਸਮੇਂ ਤੱਕ 200,000 ਟਨ ਤਾਂਬਾ ਅਤੇ 250,000 ਔਂਸ ਸੋਨਾ ਸਾਲਾਨਾ ਪੈਦਾ ਕਰਨ ਦੀ ਸਮਰੱਥਾ ਹੈ।
ਵੈਸੇ ਵੀ ਬਲੋਚਿਸਤਾਨ ਆਪਣੇ ਕੁਦਰਤੀ ਸਰੋਤਾਂ ਦੇ ਭੰਡਾਰਾਂ ਲਈ ਜਾਣਿਆ ਜਾਂਦਾ ਹੈ। ਰਿਪੋਰਟਾਂ ਦਿਖਾਉਂਦੀਆਂ ਹਨ ਕਿ ਜਦੋਂ 1995 ਵਿੱਚ ਰੇਕੋ ਡਿਕ ਖਾਨ ਦੀ ਖੁਦਾਈ ਕੀਤੀ ਗਈ ਸੀ, ਤਾਂ ਪਹਿਲੇ ਚਾਰ ਮਹੀਨਿਆਂ ਵਿੱਚ 200 ਕਿਲੋਗ੍ਰਾਮ ਸੋਨਾ ਅਤੇ 1,700 ਟਨ ਤਾਂਬਾ ਕੱਢਿਆ ਗਿਆ ਸੀ। ਉਸ ਸਮੇਂ, ਮਾਹਰਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਖਾਨ ਵਿੱਚ ਲਗਭਗ 400 ਮਿਲੀਅਨ ਟਨ ਸੋਨਾ ਹੋ ਸਕਦਾ ਹੈ, ਜਿਸ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ਤੋਂ ਵੱਧ ਹੈ।
‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਤਾਜ਼ਾ ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫੰਡ (ਪੀਆਈਐਫ) ਨੇ ਰੇਕੋ ਡਿਕ ਮਾਈਨਿੰਗ ਪ੍ਰਾਜੈਕਟ ਵਿੱਚ 15 ਫੀਸਦੀ ਹਿੱਸੇਦਾਰੀ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ, ਸਾਊਦੀ ਅਰਬ ਨੇ ਮਾਈਨਿੰਗ ਖੇਤਰ ਦੇ ਆਲੇ ਦੁਆਲੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਗ੍ਰਾਂਟਾਂ ਦਾ ਪ੍ਰਸਤਾਵ ਰੱਖਿਆ ਹੈ।
ਜਿਸ ਦਾ ਉਦੇਸ਼ ਪਾਕਿਸਤਾਨ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਨੇ ਸਾਊਦੀ ਅਰਬ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਕਮੇਟੀ ਫੈਡਰਲ ਕੈਬਨਿਟ ਨੂੰ ਸਿਫਾਰਸ਼ਾਂ ਦੇਵੇਗੀ।
ਪਹਿਲਾਂ ਵੀ ਹੋਇਆ ਸੀ ਸਮਝੌਤਾ
ਜ਼ਿਕਰਯੋਗ ਹੈ ਕਿ ਰੇਕੋ ਡਿਕ ਮਾਈਨਿੰਗ ਪ੍ਰੋਜੈਕਟ ਦਾ 50 ਪ੍ਰਤੀਸ਼ਤ ਬੈਰਿਕ ਗੋਲਡ ਦੀ ਮਲਕੀਅਤ ਹੈ, ਜਦੋਂ ਕਿ ਬਾਕੀ 50 ਪ੍ਰਤੀਸ਼ਤ ਪਾਕਿਸਤਾਨ ਅਤੇ ਬਲੋਚਿਸਤਾਨ ਦੀਆਂ ਸਰਕਾਰਾਂ ਵਿਚਕਾਰ ਵੰਡਿਆ ਗਿਆ ਹੈ। ਜਨਵਰੀ 2023 ਵਿੱਚ, ਬੈਰਿਕ ਗੋਲਡ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਜਿਸ ਵਿੱਚ ਐਡਵਾਂਸ ਰਾਇਲਟੀ ਅਤੇ ਸਮਾਜਿਕ ਵਿਕਾਸ ਫੰਡ ਸਮੇਤ ਬਲੋਚਿਸਤਾਨ ਨੂੰ ਮਿਲਣ ਵਾਲੇ ਫੰਡਾਂ ਲਈ ਟਾਈਮ ਟੇਬਲ ਬਣਾਇਆ ਗਿਆ ਸੀ।
ਜਿਸ ਕਾਰਨ ਇਹ ਫੈਸਲਾ ਕੀਤਾ ਗਿਆ ਕਿ ਬਲੋਚਿਸਤਾਨ ਦੇ ਲੋਕਾਂ ਨੂੰ ਇਸ ਪ੍ਰੋਜੈਕਟ ਤੋਂ ਲਾਭ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਵਿੱਚ ਬਲੋਚਿਸਤਾਨ ਸਰਕਾਰ ਨੂੰ ਤਿੰਨ ਮਿਲੀਅਨ ਡਾਲਰ ਦੀ ਪਹਿਲੀ ਪੇਸ਼ਗੀ ਅਦਾਇਗੀ ਸ਼ਾਮਲ ਹੈ। ਹਾਲਾਂਕਿ, ਪਾਕਿਸਤਾਨੀ ਸਰਕਾਰ, ਬੈਰਿਕ ਗੋਲਡ ਅਤੇ ਐਂਟੋਫਾਗਾਸਟਾ ਪੀਐਲਸੀ ਵਿਚਕਾਰ ਵਿਵਾਦ ਕਾਰਨ ਮਾਈਨਿੰਗ ਪ੍ਰੋਜੈਕਟ ‘ਤੇ ਪ੍ਰੋਗਰੈਸ ਨੂੰ ਰੋਕ ਦਿੱਤਾ ਗਿਆ ਸੀ। Antofagasta PLC ਬਹੁਗਿਣਤੀ ਸ਼ੇਅਰਧਾਰਕਾਂ ਦੁਆਰਾ ਨਿਯੰਤਰਿਤ ਇੱਕ ਕੰਪਨੀ ਹੈ। ਇਸ ਪ੍ਰਾਜੈਕਟ ਨਾਲ ਕਰੀਬ 7500 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਸੀ ਪਰ ਮਾਮਲਾ ਟਾਲ ਦਿੱਤਾ ਗਿਆ।