ਟਰੰਪ ਨੇ ਇਸ ਦੇਸ਼ ਦੇ ਫੰਡ ਬੰਦ ਕਰਨ ਦੀ ਦਿੱਤੀ ਧਮਕੀ, Elon Musk ਨਾਲ ਹੈ ਇਹ ਦੇਸ਼ ਦਾ ਸਬੰਧ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ, ਕੈਨੇਡਾ ਅਤੇ ਚੀਨ ਵਿਰੁੱਧ ਟੈਰਿਫ ਲਗਾਏ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਹੋਰ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਟਰੰਪ ਨੇ ਦੱਖਣੀ ਅਫ਼ਰੀਕਾ ਦੀ Land acquisition ਪਾਲਿਸੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਦੇਸ਼ ਨੂੰ ਭਵਿੱਖ ਵਿੱਚ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਬੰਦ ਕਰਨ ਦੀ ਸਹੁੰ ਖਾਧੀ ਹੈ। ਟਰੰਪ ਦੇ ਇਸ ਬਿਆਨ ਤੋਂ ਬਾਅਦ ਦੱਖਣੀ ਅਫ਼ਰੀਕੀ ਕਰੰਸੀ ਰੈਂਡ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਟਰੰਪ ਨੇ ਦੋਸ਼ ਲਾਇਆ ਕਿ ਦੱਖਣੀ ਅਫਰੀਕਾ ਸਮਾਜ ਦੇ ਕੁਝ ਵਰਗਾਂ ਨਾਲ ਬਹੁਤ ਬੁਰਾ ਵਿਵਹਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਦੀ Land acquisition ਨੀਤੀ ਅਨੁਚਿਤ ਹੈ ਅਤੇ ਇਸ ਦੇ ਤਹਿਤ ਜ਼ਮੀਨ ਨੂੰ ਗਲਤ ਤਰੀਕੇ ਨਾਲ ਜ਼ਬਤ ਕੀਤਾ ਜਾ ਰਿਹਾ ਹੈ। ਤੁਹਾਨੂੰ ਦਸ ਦੇਈਏ ਕਿ ਟਰੰਪ ਦੇ ਕਰੀਬੀ ਐਲੋਨ ਮਸਕ ਦਾ ਜਨਮ ਵੀ ਦੱਖਣੀ ਅਫਰੀਕਾ ਵਿੱਚ ਹੋਇਆ ਸੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ, ‘ਜਦੋਂ ਤੱਕ ਇਸ ਸਥਿਤੀ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ, ਮੈਂ ਦੱਖਣੀ ਅਫਰੀਕਾ ਨੂੰ ਭਵਿੱਖ ਵਿੱਚ ਮਿਲਣ ਵਾਲੀ ਸਾਰੀ ਫੰਡਿੰਗ ਬੰਦ ਕਰ ਦਿਆਂਗਾ।’ ਟਰੰਪ ਦੇ ਇਸ ਬਿਆਨ ਤੋਂ ਬਾਅਦ, ਦੱਖਣੀ ਅਫਰੀਕਾ ਦੀ ਮੁਦਰਾ ਵਿੱਚ 1.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਟਰੰਪ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੱਖਣੀ ਅਫ਼ਰੀਕੀ ਲੀਡਰਸ਼ਿਪ ਕੁਝ ਭਿਆਨਕ ਕੰਮਾਂ ਵਿੱਚ ਰੁੱਝੀ ਹੋਈ ਸੀ। ਟਰੰਪ ਨੇ ਇਸ ਸੰਬੰਧੀ ਕੋਈ ਸਬੂਤ ਜਾਂ ਜਾਣਕਾਰੀ ਨਹੀਂ ਦਿੱਤੀ। ਪਰ ਉਨ੍ਹਾਂ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸਥਿਤੀ ਹੋਰ ਵੀ ਵਿਗੜ ਗਈ ਹੈ।
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਇਸ ਮਹੀਨੇ Land acquisition ਬਿੱਲ ‘ਤੇ ਦਸਤਖਤ ਕੀਤੇ ਅਤੇ ਇਸ ਨੂੰ ਕਾਨੂੰਨ ਵਿੱਚ ਤਬਦੀਲ ਕਰ ਦਿੱਤਾ। ਦੱਖਣੀ ਅਫ਼ਰੀਕਾ ਦੀ ਸਰਕਾਰ ਦੀ ਵੈੱਬਸਾਈਟ ‘ਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਦੇ ਤਹਿਤ, ਸਥਾਨਕ, ਸੂਬਾਈ ਅਤੇ ਰਾਸ਼ਟਰੀ ਅਧਿਕਾਰੀ ਜਨਤਕ ਹਿੱਤ ਵਿੱਚ ਜ਼ਮੀਨ ਜ਼ਬਤ ਕਰ ਸਕਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸਮਾਵੇਸ਼ ਅਤੇ ਕੁਦਰਤੀ ਸਰੋਤਾਂ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਸਾਲ 2023 ਵਿੱਚ, ਅਮਰੀਕਾ ਨੇ ਦੱਖਣੀ ਅਫਰੀਕਾ ਨੂੰ ਲਗਭਗ 440 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ 90 ਦਿਨਾਂ ਲਈ ਸਾਰੀ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਹੈ, ਜਿਸ ਨਾਲ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਦੇ ਭਵਿੱਖ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਰਾਮਾਫੋਸਾ ਨੇ ਟਰੰਪ ਬਾਰੇ ਕੀ ਕਿਹਾ: ਪਿਛਲੇ ਮਹੀਨੇ ਦਾਵੋਸ ਵਿਖੇ, ਰਾਮਾਫੋਸਾ ਨੇ ਕਿਹਾ ਸੀ ਕਿ ਉਹ ਅਮਰੀਕਾ ਨਾਲ ਸਬੰਧਾਂ ਬਾਰੇ ਚਿੰਤਤ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਗੱਲਬਾਤ ਕੀਤੀ ਸੀ। ਟਰੰਪ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਦੱਖਣੀ ਅਫਰੀਕਾ ਵੀ ਇਸ ਸਾਲ ਜੀ-20 ਦੀ ਪ੍ਰਧਾਨਗੀ ਸੰਭਾਲ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੱਖਣੀ ਅਫਰੀਕਾ ਨੂੰ ਸਹਾਇਤਾ ‘ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਗਈ ਹੈ। 2018 ਵਿੱਚ, ਟਰੰਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਦੇ ਕਤਲ ਦੇ ਦਾਅਵਿਆਂ ਦੀ ਜਾਂਚ ਕਰਨ ਦੀ ਗੱਲ ਕੀਤੀ ਸੀ। ਹਾਲਾਂਕਿ, ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਇਸ ਸਾਲ, ਟਰੰਪ ਨੇ ਬ੍ਰਿਕਸ ਦੇਸ਼ਾਂ, ਜਿਸ ਵਿੱਚ ਦੱਖਣੀ ਅਫਰੀਕਾ ਅਤੇ ਭਾਰਤ ਸ਼ਾਮਲ ਹਨ, ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਇਹ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ।