Punjab: ਸਕੂਲਾਂ ‘ਚ PTM ਨੂੰ ਲੈਕੇ ਵੱਡੀ ਅਪਡੇਟ, ਨਵੀਂ ਤਰੀਕ ਦਾ ਹੋਇਆ ਐਲਾਨ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੀ ਫਰਵਰੀ ਨੂੰ ਪੰਜਾਬ ਭਰ ਦੇ ਸਕੂਲਾਂ ‘ਚ ਆਯੋਜਿਤ ਕੀਤੀ ਜਾਣ ਵਾਲੀ ਮਾਪੇ-ਅਧਿਆਪਕ ਮੀਟਿੰਗ (ਪੀ. ਟੀ. ਐੱਮ.) ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਹੁਣ ਇਹ ਮੀਟਿੰਗ 5 ਫਰਵਰੀ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਇਹ ਮੀਟਿੰਗ 1 ਫਰਵਰੀ ਨੂੰ ਕਰਵਾਉਣ ਸਬੰਧੀ ਖੂਬ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਪੰਜਾਬ ਭਰ ਦੇ ਸਕੂਲਾਂ ਦੇ ਮੁਖੀਆਂ ਨੂੰ ਇਸ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਕਿਹਾ ਜਾ ਰਿਹਾ ਸੀ।
ਇਸ ਸਬੰਧੀ ਸਾਰਿਆਂ ਵੱਲੋਂ ਸੁਹਿਰਦ ਯਤਨ ਵੀ ਕੀਤੇ ਜਾ ਰਹੇ ਸਨ। ਪਤਾ ਲੱਗਾ ਹੈ ਕਿ ਕੁੱਝ ਪ੍ਰਬੰਧਕੀ ਕਾਰਨਾਂ ਕਰ ਕੇ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਹੋਇਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਫੀਲਡ ਤੋਂ ਆ ਰਹੀਆਂ ਮੰਗਾਂ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਪੀ. ਟੀ. ਐੱਮ. ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਵਿਭਾਗ ਨੇ ਸਾਰੇ ਸਕੂਲਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।
ਬੁਲਾਰੇ ਅਨੁਸਾਰ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਮੀਟਿੰਗ ਦੀ ਤਾਰੀਖ਼ ‘ਚ ਬਦਲਾਅ ਬਾਰੇ ਸਾਰੀ ਜਾਣਕਾਰੀ ਬੱਚਿਆਂ ਦੇ ਮਾਪਿਆਂ ਤੱਕ ਹਰ ਹਾਲਤ ‘ਚ ਪਹੁੰਚਾ ਦੇਣ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਇਸ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਉੱਚਿਤ ਕਦਮ ਚੁੱਕੇ ਜਾ ਰਹੇ ਹਨ।