‘ਤੁਸੀਂ ਕਹਿ ਰਹੇ ਹੋ ਡੱਲੇਵਾਲ ਠੀਕ ਹਨ’….ਸੁਪਰੀਮ ਕੋਰਟ ਨੇ ਸਰਕਾਰ ਪਾਈ ਝਾੜ, ਦਿੱਤੇ ਸ਼ਖਤ ਹੁਕਮ…

ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਕਿਸਾਨ ਅੰਦੋਲਨ ‘ਤੇ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 23 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੇ ਉਲਟੀ ਕੀਤੀ ਅਤੇ 10 ਮਿੰਟ ਤੱਕ ਬੇਹੋਸ਼ ਰਹੇ। ਇਸ ‘ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਇਕ 70 ਸਾਲਾ ਸ਼ਖਸ ਭੁੱਖ ਹੜਤਾਲ ‘ਤੇ ਹਨ, ਉਨ੍ਹਾਂ ਨੂੰ ਮੈਡੀਕਲ ਸਹਾਇਤਾ ਕਿਉਂ ਨਹੀਂ ਦਿੱਤੀ ਜਾ ਰਹੀ। ਸਰਕਾਰ ਨੇ ਕਿਹਾ ਕਿ ਉਹ ਡਾਕਟਰੀ ਸਹਾਇਤਾ ਨਹੀਂ ਲੈਣਾ ਚਾਹੁੰਦੇ। ਇਸ ‘ਤੇ ਅਦਾਲਤ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਕਿਹਾ- ਤੁਸੀਂ ਕਹਿ ਰਹੇ ਹੋ ਕਿ ਸਭ ਠੀਕ ਹੈ, ਪਰ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਜੇਕਰ ਉਹ ਡਾਕਟਰੀ ਸਹਾਇਤਾ ਨਹੀਂ ਲੈਣਾ ਚਾਹੁੰਦੇ ਤਾਂ ਕੋਈ ਹੋਰ ਵਿਕਲਪ ਅਪਣਾਓ ।
ਜਸਟਿਸ ਉੱਜਵਲ ਭੂਈਆ ਨੇ ਮਸ਼ਹੂਰ ਇਰੋਮ ਸ਼ਰਮੀਲਾ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਦਸ ਸਾਲ ਤੱਕ ਚੱਲੀ। ਉਸ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਕਿਸਾਨ ਆਗੂ ਡੱਲੇਵਾਲ ਵੀ ਭੁੱਖ ਹੜਤਾਲ ਜਾਰੀ ਰੱਖ ਸਕਦੇ ਹਨ ਪਰ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਾ ਪਵੇਗਾ। ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਕੁਝ ਕਰੇ, ਉਹ ਇੱਕ ਵੱਡੇ ਆਗੂ ਹਨ।
ਰੋਕ ਰਹੇ ਕਿਸਾਨ…
ਪੰਜਾਬ ਏਜੀ ਨੇ ਮੈਡੀਕਲ ਰਿਪੋਰਟ ਪੜ੍ਹਦਿਆਂ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਹੋਣ ਦੇ ਰਹੇ। ਇਸ ‘ਤੇ ਜਸਟਿਸ ਕਾਂਤ ਨੇ ਕਿਹਾ, ਤੁਹਾਡੇ ਅਧਿਕਾਰੀ ਡਾਕਟਰੀ ਸਹਾਇਤਾ ਦੇਣ ਦੀ ਬਜਾਇ ਡੱਲੇਵਾਲ ਨੂੰ ਅਦਾਲਤ ‘ਚ ਘਸੀਟਣ ਲਈ ਜ਼ਿਆਦਾ ਉਤਾਵਲੇ ਨਜ਼ਰ ਆ ਰਹੇ ਹਨ। ਤੁਹਾਡੇ ਆਧਿਕਾਰੀ ਉਨ੍ਹਾਂ ਦੀ ਸਹਿਤ ਬਾਰੇ ਜੋ ਦਾਅਵੇ ਕਰ ਰਹੇ ਹਨ,ਉਸ ਤੇ ਅਸੀਂ ਕਿਵੇਂ ਭਰੋਸਾ ਕਰੀਏ ? ਇਸ ‘ਤੇ ਪੰਜਾਬ ਦੇ ਏਜੀ ਨੇ ਕਿਹਾ, ਤਿੰਨ-ਚਾਰ ਲੋਕਾਂ ਨੂੰ ਸਮੱਸਿਆ ਹੈ। ਅਸੀਂ ਉਨ੍ਹਾਂ ਨੂੰ ਟਰਾਂਸਫਰ ਕਰਨਾ ਚਾਹੁੰਦੇ ਹਾਂ ਪਰ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਟਰਾਲੀਆਂ ਨਾਲ ਘੇਰ ਰੱਖਿਆ ਹੈ, ਤਾਂ ਜੋ ਕੋਈ ਵਾਹਨ ਲੰਘ ਨਾ ਸਕੇ।
ਕੌਣ ਹੈ ਉਹ ਡਾਕਟਰ…
ਇਸ ‘ਤੇ ਜਸਟਿਸ ਕਾਂਤ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਖੂਨ ਆਦਿ ‘ਤੇ ਕੀਤੇ ਮੈਡੀਕਲ ਟੈਸਟ ਦੀ ਰਿਪੋਰਟ ਦਿਖਾਓ। ਸਾਨੂੰ ਕਿਸੇ ਨੂੰ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਠੀਕ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਸਿਵਲ ਅਧਿਕਾਰੀ ਡਾਕਟਰ ਬਣ ਕੇ ਕੰਮ ਕਰਨ ? 70 ਸਾਲ ਤੋਂ ਵੱਧ ਉਮਰ ਦੇ ਸ਼ਖਸ ਜੋ 23 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਕੌਣ ਹੈ ਇਹ ਡਾਕਟਰ ਜੋ ਬਿਨਾਂ ਟੈਸਟ ਦੇ ਕਹਿੰਦਾ ਹੈ ਕਿ ਉਹ ਠੀਕ ਹੈ? ਜਦੋਂ ਉਹ ਡਾਕਟਰੀ ਸਹਾਇਤਾ ਨਹੀਂ ਲੈ ਰਹੇ ਹਨ ਤਾਂ ਦੂਜਾ ਵਿਕਲਪ ਅਪਣਾਓ। ਸੁਪਰੀਮ ਕੋਰਟ ਭਲਕੇ ਸ਼ੁੱਕਰਵਾਰ ਦੁਪਹਿਰ 12:30 ਵਜੇ ਇਸ ਮਾਮਲੇ ‘ਤੇ ਦੁਬਾਰਾ ਸੁਣਵਾਈ ਕਰੇਗਾ।
- First Published :