ਮਰ ਗਿਆ ਮਹਾਲਕਸ਼ਮੀ ਦੇ ਟੁਕੜੇ ਕਰ ਫਰਿੱਜ ‘ਚ ਰੱਖਣ ਵਾਲਾ, ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਜਾਣ ਵੇਲੇ ਦੱਸੀ ਸੱਚਾਈ

ਨਵੀਂ ਦਿੱਲੀ: ਬੈਂਗਲੁਰੂ ਕਤਲ ਕਾਂਡ ਵਿੱਚ ਨਵਾਂ ਮੋੜ ਆਇਆ ਹੈ। ਜਿਸ ਵਿਅਕਤੀ ‘ਤੇ ਬੈਂਗਲੁਰੂ ਪੁਲਿਸ ਨੇ ਮਹਾਲਕਸ਼ਮੀ ਦੀ ਹੱਤਿਆ ਕਰਨ ਅਤੇ ਉਸਦੀ ਲਾਸ਼ ਦੇ 59 ਟੁਕੜੇ ਕਰਨ ਦਾ ਸ਼ੱਕ ਜਤਾਇਆ ਸੀ, ਉਸ ਨੇ ਓਡੀਸ਼ਾ ‘ਚ ਖੁਦਕੁਸ਼ੀ ਕਰ ਲਈ ਹੈ। ਮਹਾਲਕਸ਼ਮੀ ਦੇ ਸ਼ੱਕੀ ਕਾਤਲ ਦੀ ਲਾਸ਼ ਓਡੀਸ਼ਾ ‘ਚ ਦਰੱਖਤ ਨਾਲ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਦਰੱਖਤ ਨਾਲ ਫਾਹਾ ਲੈ ਲਿਆ। ਉਸ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਫਰਾਰ ਹੁੰਦੇ ਹੋਏ ਕਤਲ ਦੀ ਗੱਲ ਕਬੂਲੀ ਹੈ।
30 ਸਾਲਾ ਦੋਸ਼ੀ ਮੁਕਤੀ ਰੰਜਨ ਰੇਅ ਦੀ ਲਾਸ਼ ਉੜੀਸਾ ਦੇ ਭਦਰਕ ਜ਼ਿਲੇ ਦੇ ਧੂਸਰੀ ਥਾਣੇ ਦੇ ਅਧੀਨ ਪੈਂਦੇ ਪਿੰਡ ‘ਚ ਮਿਲੀ ਹੈ। ਕਥਿਤ ਤੌਰ ‘ਤੇ ਕਾਤਲ ਮੁਕਤੀ ਰੰਜਨ ਰੇਅ ਫਰਾਰ ਸੀ। ਸਥਾਨਕ ਪੁਲਸ ਨੇ ਇਸ ਦੀ ਸੂਚਨਾ ਬੈਂਗਲੁਰੂ ਪੁਲਸ ਨੂੰ ਦਿੱਤੀ। ਬੈਂਗਲੁਰੂ ਪੁਲਸ ਇਲਾਕੇ ‘ਚ ਸ਼ੱਕੀ ਦੀ ਭਾਲ ਕਰ ਰਹੀ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮੁਲਜ਼ਮ ਰੰਜਨ ਮੰਗਲਵਾਰ ਨੂੰ ਆਪਣੇ ਪਿੰਡ ਗਿਆ ਸੀ ਪਰ ਬਾਅਦ ਵਿੱਚ ਉਹ ਘਰੋਂ ਚਲਾ ਗਿਆ ਤਾਂ ਉਸ ਦੀ ਲਾਸ਼ ਪਿੰਡ ਦੇ ਬਾਹਰ ਮਿਲੀ।
ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਕਰ ਲਈ ਹੈ ਅਤੇ ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉੜੀਸਾ ਦੇ ਕਾਨੂੰਨ ਅਤੇ ਵਿਵਸਥਾ ਦੇ ਵਧੀਕ ਡਾਇਰੈਕਟਰ ਜਨਰਲ ਸੰਜੇ ਕੁਮਾਰ ਨੇ ਕਿਹਾ ਕਿ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ। ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਦੋਸ਼ੀ ਨੇ ਕਥਿਤ ਤੌਰ ‘ਤੇ ਇਸ ਨੋਟ ‘ਚ ਮਹਾਲਕਸ਼ਮੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਹੈ। ਸੰਜੇ ਕੁਮਾਰ ਨੇ ਕਿਹਾ, ‘ਓਡੀਸ਼ਾ ਪੁਲਿਸ ਨੇ ਪਹਿਲਾਂ ਹੀ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਸੁਸਾਈਡ ਨੋਟ ਦੇ ਆਧਾਰ ‘ਤੇ ਬੈਂਗਲੁਰੂ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਕਤਲ ਦਾ ਦੋਸ਼ੀ ਹੈ।
ਇਸ ਤੋਂ ਪਹਿਲਾਂ ਨਿਊਜ਼ 18 ਨੇ ਖਬਰ ਦਿੱਤੀ ਸੀ ਕਿ ਬੈਂਗਲੁਰੂ ਪੁਲਸ ਨੇ 29 ਸਾਲਾ ਮਹਾਲਕਸ਼ਮੀ ਦੀ ਹੱਤਿਆ ਦੇ ਦੋਸ਼ੀ ਰੰਜਨ ਰੇਅ ਨੂੰ ਮੁੱਖ ਸ਼ੱਕੀ ਮੰਨਿਆ ਹੈ। ਮਹਾਲਕਸ਼ਮੀ ਸੇਲਜ਼ ਵੂਮੈਨ ਦਾ ਕੰਮ ਕਰਦੀ ਸੀ। ਪੁਲਸ ਸੂਤਰਾਂ ਮੁਤਾਬਕ ਦੋਸ਼ੀ ਰੇਅ ਅਤੇ ਮਹਾਲਕਸ਼ਮੀ ਇਕੱਠੇ ਕੰਮ ਕਰਦੇ ਸਨ। ਰੰਜਨ ਰੇਅ ਨੇ ਮਹਾਲਕਸ਼ਮੀ ਦੇ ਕਿਸੇ ਹੋਰ ਆਦਮੀ ਨਾਲ ਸਬੰਧਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਹਾਲਾਂਕਿ, ਸਰੋਤ ਨੇ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ।
ਮਹਾਲਕਸ਼ਮੀ ਆਖਰੀ ਵਾਰ 1 ਸਤੰਬਰ ਨੂੰ ਕੰਮ ‘ਤੇ ਆਈ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਦਾ ਮੋਬਾਈਲ ਫੋਨ 2 ਸਤੰਬਰ ਤੋਂ ਬੰਦ ਸੀ। 21 ਸਤੰਬਰ ਨੂੰ ਉਸ ਦੀ ਮਾਂ ਅਤੇ ਵੱਡੀ ਭੈਣ ਨੇ ਵਿਆਲਿਕਵਾਲ ਸਥਿਤ ਉਸ ਦੇ ਘਰ ਫਰਿੱਜ ਵਿਚ ਉਸ ਦੀ ਲਾਸ਼ ਮਿਲੀ। ਉਸ ਦੇ ਸਰੀਰ ਨੂੰ ਕਈ ਟੁਕੜਿਆਂ ਵਿੱਚ ਕੱਟਿਆ ਗਿਆ ਸੀ ਅਤੇ ਉਸ ਨੂੰ ਕੀੜੇ-ਮਕੌੜੇ ਲੱਗੇ ਹੋਏ ਸੀ। ਪੋਸਟਮਾਰਟਮ ਰਿਪੋਰਟ ਵਿੱਚ ਮਹਾਲਕਸ਼ਮੀ ਦੇ ਸਰੀਰ ਦੇ 59 ਟੁਕੜਿਆਂ ਵਿੱਚ ਕੱਟੇ ਜਾਣ ਦੀ ਪੁਸ਼ਟੀ ਹੋਈ ਹੈ। ਉਸਦੀ ਅੰਤੜੀ ਦੇ ਨਮੂਨੇ ਟੌਕਸੀਕੋਲੋਜੀ ਟੈਸਟ ਲਈ ਭੇਜੇ ਗਏ ਸਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਸਦੀ ਮੌਤ ਤੋਂ ਪਹਿਲਾਂ ਉਸਨੂੰ ਜ਼ਹਿਰ ਦਿੱਤਾ ਗਿਆ ਸੀ। ਫੋਰੈਂਸਿਕ ਟੀਮਾਂ ਫਰਿੱਜ ‘ਤੇ ਮਿਲੇ ਉਂਗਲਾਂ ਦੇ ਨਿਸ਼ਾਨਾਂ ਦੀ ਵੀ ਜਾਂਚ ਕਰ ਰਹੀਆਂ ਸਨ।
ਮਹਾਲਕਸ਼ਮੀ ਆਪਣੇ ਪਤੀ ਹੇਮੰਤ ਦਾਸ ਤੋਂ ਵੱਖ ਹੋ ਗਈ ਸੀ ਅਤੇ ਪਿਛਲੇ ਨੌਂ ਮਹੀਨਿਆਂ ਤੋਂ ਵੱਖ ਰਹਿ ਰਹੀ ਸੀ। ਉਸ ਦੀ ਚਾਰ ਸਾਲ ਦੀ ਬੇਟੀ ਹੈ। ਉਸ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ।