ਪੰਜਾਬ ‘ਚ ਕੜਾਕੇ ਦੀ ਠੰਡ ਕੱਢੇਗੀ ਵੱਟ,ਕਈ ਜ਼ਿਲ੍ਹਿਆ ‘ਚ ਭਾਰੀ ਮੀਂਹ ਦਾ ਅਲਰਟ…

ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਸਵੇਰ ਅਤੇ ਰਾਤ ਨੂੰ ਠੰਢ ਜ਼ਿਆਦਾ ਮਹਿਸੂਸ ਹੁੰਦੀ ਹੈ। ਪੰਜਾਬ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਸਵੇਰ ਅਤੇ ਸ਼ਾਮ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਪੰਜਾਬ ਵਿੱਚ ਔਸਤਨ ਘੱਟੋ-ਘੱਟ ਤਾਪਮਾਨ ਵਿੱਚ 3.2 ਡਿਗਰੀ ਅਤੇ ਚੰਡੀਗੜ੍ਹ ਵਿੱਚ 4.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੁਹਾਲੀ ਨੂੰ ਛੱਡ ਕੇ ਪੰਜਾਬ-ਚੰਡੀਗੜ੍ਹ ਦੇ ਸਾਰੇ ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਪਹਾੜਾਂ ‘ਚ ਹੋ ਰਹੀ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਲਗਾਤਾਰ ਵਧ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 8 ਦਸੰਬਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ ਹਿਮਾਲੀਅਨ ਪਹਾੜੀਆਂ ਅਤੇ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਪੱਛਮੀ ਗੜਬੜੀ 8 ਦਸੰਬਰ ਤੋਂ ਸਰਗਰਮ ਹੈ। ਪਰ ਇਸ ਤੋਂ ਪਹਿਲਾਂ 7 ਤੋਂ 9 ਦਸੰਬਰ ਤੱਕ ਤਿੰਨ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਤਿੰਨ ਦਿਨਾਂ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਰੀਦਕੋਟ, ਮਾਨਸਾ, ਸੰਗਰੂਰ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਬਰਨਾਲਾ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਪੰਜਾਬ ‘ਚ ਲਗਾਤਾਰ ਸੁੱਕੀ ਠੰਡ ਪੈ ਰਹੀ ਹੈ ਤੇ ਲੋਕਾਂ ਨੂੰ ਸਿਹਤ ਸੰਬਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਣ ਕਾਰਨ ਲੋਕਾਂ ਨੂੰ ਸੁੱਕੀ ਠੰਡ ਤੋਂ ਨਿਜ਼ਾਤ ਮਿਲੇਗੀ। ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
- First Published :