ਜਾਣੋ ਸਾਦੀ ਵਰਦੀ ‘ਚ ਕੌਣ ਸੀ ਉਹ ਦਲੇਰ ASI, ਜਿਸ ਨੇ ਸੁਖਬੀਰ ਬਾਦਲ ਵੱਲ ਆਉਂਦੀ ਗੋਲੀ ਦਾ ਮੋੜ ਦਿੱਤਾ ਮੂੰਹ

Sukhbir Singh Badal Attack: ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਪੁਲਸ ਦੇ ਇੱਕ ਸਹਾਇਕ ਸਬ ਇੰਸਪੈਕਟਰ (ASI) ਦੀ ਮੁਸਤੈਦੀ ਕਾਰਨ ਉਨ੍ਹਾਂ ਦੀ ਜਾਨ ਬਚ ਗਈ।
ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸਾਦੇ ਕੱਪੜਿਆਂ ‘ਚ ਬਾਦਲ ਦੇ ਬਿਲਕੁਲ ਨੇੜੇ ਖੜ੍ਹੇ ASI ਜਸਬੀਰ ਸਿੰਘ ਨੂੰ ਅਕਾਲੀ ਦਲ ਦੇ ਆਗੂ ਬਾਦਲ ਦੀ ਜਾਨ ਨੂੰ ਖਤਰੇ ਦਾ ਜਿਵੇਂ ਹੀ ਅਹਿਸਾਸ ਹੋਇਆ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਏ।
ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਵ੍ਹੀਲ ਚੇਅਰ ‘ਤੇ ਬੈਠੇ ਸੁਖਬੀਰ ਸਿੰਘ ਵੱਲ ਹੌਲੀ-ਹੌਲੀ ਵਧ ਰਿਹਾ ਸੀ ਕਿ ਅਚਾਨਕ ਉਸ ਨੇ ਆਪਣੀ ਜੇਬ ‘ਚੋਂ ਪਿਸਤੌਲ ਕੱਢ ਲਿਆ। ਫਰੈਕਚਰ ਕਾਰਨ ਬਾਦਲ ਵ੍ਹੀਲਚੇਅਰ ‘ਤੇ ਬੈਠੇ ਹੋਏ ਸਨ, ਜਿਵੇਂ ਹੀ ਚੌੜਾ ਨੇ ਟਰਿੱਗਰ ਦਬਾਉਣ ਦੀ ਕੋਸ਼ਿਸ਼ ਕੀਤੀ, ਜਸਬੀਰ ਸਿੰਘ ਨੇ ਉਸ ਦੇ ਹੱਥ ਫੜ ਕੇ ਉਸ ਨੂੰ ਧੱਕਾ ਦੇ ਦਿੱਤਾ। ਚੰਗੀ ਕਿਸਮਤ ਗੋਲੀ ਸੁਖਬੀਰ ਬਾਦਲ ਦੇ ਪਿੱਛੇ ਸਥਿਤ ਇਸ ਧਾਰਮਿਕ ਸਥਾਨ ਦੀ ਕੰਧ ‘ਤੇ ਲੱਗੀ ਅਤੇ ਉਹ ਵਾਲ-ਵਾਲ ਬਚ ਗਏ।
ਜਸਬੀਰ ਸਿੰਘ ਪਿਛਲੇ 24 ਸਾਲਾਂ ਤੋਂ ਬਾਦਲ ਪਰਿਵਾਰ ਨਾਲ ਪਰਿਵਾਰ ਦੇ ਮੈਂਬਰ ਵਾਂਗ ਰਹੇ ਹਨ। ਉਹ ਬਾਦਲ ਪਰਿਵਾਰ ਦੇ ਨਾਲ ਲਗਾਤਾਰ ਸੁਰੱਖਿਆ ‘ਚ ਜੁੜੇ ਹੋਏ ਹਨ। ਸਾਲ 2001 ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੀਐਸਓ ਬਣੇ। ਪਿਛਲੇ 2 ਦਿਨਾਂ ਤੋਂ ਉਹ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟਾਸਕ ਫੋਰਸ ਦੇ ਮੈਂਬਰਾਂ ਸਮੇਤ ਮੌਕੇ ’ਤੇ ਮੌਜੂਦ ਹੋਰ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਦਖ਼ਲ ਦੇ ਕੇ ਚੌੜੇ ਤੋਂ ਹਥਿਆਰ ਖੋਹ ਲਿਆ। ਏਐਸਆਈ ਜਸਬੀਰ ਸਿੰਘ ਨੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਕਿਹਾ, “ਜਦੋਂ ਉਹ (ਚੌਰਾ) ਆਇਆ ਤਾਂ ਮੈਂ ਚੌਕਸ ਹੋ ਗਿਆ। ਜਿਵੇਂ ਹੀ ਉਸ ਨੇ ਆਪਣਾ ਪਿਸਤੌਲ ਕੱਢਿਆ, ਅਸੀਂ ਉਸ ਨੂੰ ਫੜ ਲਿਆ ਅਤੇ ਹਥਿਆਰ ਖੋਹ ਲਿਆ।”
2007 ਤੋਂ 2017 ਤੱਕ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਕੀਤੀਆਂ ‘ਗਲਤੀਆਂ’ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਸੇਵਾਦਾਰ’ ਵਜੋਂ ਸਜ਼ਾ ਨਿਭਾਏ ਜਾਣ ਦਾ ਇਹ ਦੂਸਰਾ ਦਿਨ ਸੀ। ਇਸ ਨੂੰ ‘ਕਵਰ’ ਕਰਨ ਲਈ ਮੌਜੂਦ ਪੱਤਰਕਾਰਾਂ ਦੇ ਕੈਮਰੇ ਵਿਚ ਇਹ ਹਮਲਾ ‘ਰਿਕਾਰਡ’ ਹੋ ਗਿਆ। ਇਹ ਹਮਲਾ ਸਵੇਰੇ ਕਰੀਬ 9.30 ਵਜੇ ਹੋਇਆ। ਇਸ ਦੌਰਾਨ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੁਖਬੀਰ ’ਤੇ ਜਾਨਲੇਵਾ ਹਮਲੇ ਨੂੰ ਨਾਕਾਮ ਕਰਨ ਲਈ ਪੁਲਸ ਮੁਲਾਜ਼ਮਾਂ ਦੀ ਤਾਰੀਫ਼ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੰਜਾਬ ਪੁਲਸ ਦੀ ਮੁਸਤੈਦੀ ਦੀ ਸ਼ਲਾਘਾ ਕੀਤੀ ਹੈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹਰਿਮੰਦਰ ਸਾਹਿਬ ‘ਚ ਇਕ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਸ, ਦੋ ਪੁਲਸ ਸੁਪਰਡੈਂਟ, ਦੋ ਡਿਪਟੀ ਸੁਪਰਡੈਂਟ ਆਫ਼ ਪੁਲਸ ਅਤੇ 175 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।