ਮੋਹਾਲੀ ਦੇ ਕੁੰਭੜਾ ਵਿੱਚ ਹਮਲੇ ‘ਚ ਜ਼ਖਮੀ ਨੌਜਵਾਨ ਦਿਲਪ੍ਰੀਤ ਸਿੰਘ ਦੀ ਚੰਡੀਗੜ੍ਹ PGI ‘ਚ ਇਲਾਜ਼ ਦੌਰਾਨ ਮੌਤ

ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ‘ਚ ਵੱਡੀ ਵਾਰਦਾਤ ਹੋਈ ਸੀ, ਜਿਸ ‘ਚ ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਭੜਾ ਵਿੱਚ ਦੋ ਨੌਜਵਾਨ ਦਮਨ ਅਤੇ ਦਿਲਪ੍ਰੀਤ ਸਿੰਘ ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਇਸ ਹਮਲੇ ਵਿੱਚ ਦਮਨ ਦੀ ਮੌਤ ਹੋ ਗਈ ਸੀ। ਪਰ ਇਸ ਹਮਲੇ ‘ਚ ਗੰਭੀਰ ਜ਼ਖਮੀ ਦਿਲਪ੍ਰੀਤ ਸਿੰਘ ਜਿਸ ਦਾ ਚੰਡੀਗੜ੍ਹ PGI ‘ਚ ਇਲਾਜ਼ ਚੱਲ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਹੈ। ਇਨਫੈਕਸ਼ਨ ਜ਼ਿਆਦਾ ਹੋਣ ਦੇ ਕਾਰਨ ਉਸ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਦਮਨ ਦੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਗਈ ਸੀ।
ਕਤਲ ਮਾਮਲੇ ‘ਚ ਚਾਰ ਮੁਲਜ਼ਮ ਕਾਬੂ
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮੋਹਾਲੀ ਪੁਲਿਸ ਨੇ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ , ਜਿਸਦੀ ਜਾਣਕਾਰੀ ਡੀ.ਆਈ.ਜੀ ਰੂਪਨਗਰ ਏਂਜ ਨਿਲੰਬਰੀ ਵਿਜੈ ਜਗਦਲੇ ਨੇ ਦਿੱਤੀ ਸੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ 13 ਨਵੰਬਰ ਨੂੰ ਪਿੰਡ ਕੁੰਬੜਾ ਵਿਖੇ ਨੌਜਵਾਨਾਂ ਦੀ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਲੜਾਈ ਗੰਭੀਰ ਬਣ ਗਈ ਸੀ, ਜਿਸ ਵਿੱਚ ਇੱਕ ਦਮਨ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਦੋਸਤ ਦਿਲਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਚਾਰ ਮੁਲਜ਼ਮਾਂ ‘ਚ ਇੱਕ ਨਾਬਾਲਿਗ ਸ਼ਾਮਲ
ਡੀਆਈਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚਾਰੋਂ ਫਰਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੰਨ੍ਹਾਂ ਵਿੱਚ ਅਮਨ, ਅਰੁਨ ਅਤੇ ਆਕਾਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ‘ਚ ਇਹਨਾਂ ਦੇ ਨਾਲ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਡੀਆਈਜੀ ਨੇ ਦੱਸਿਆ ਕਿ ਅਮਨ ਅਤੇ ਅਰੁਣ ਖਿਲਾਫ ਪਹਿਲਾਂ ਵੀ ਮੋਹਾਲੀ ਦੇ ਫੇਜ਼ ਇੱਕ ਥਾਣਾ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਕਤਲ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।
ਇਸ ਦੇ ਨਾਲ ਹੀ ਮੋਹਾਲੀ ਪੁਲਿਸ ਨੇ ਅਪੀਲ ਕੀਤੀ ਕੇ ਇਸ ਮਾਮਲੇ ਨੂੰ ਪਰਵਾਸੀ V/S ਪੰਜਾਬੀ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹਨਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਉਹ ਵੀ ਮੋਹਾਲੀ ਦੇ ਹੀ ਰਹਿਣ ਵਾਲੇ ਹਨ। ਡੀਆਈਜੀ ਨੇ ਦੱਸਿਆ ਕਿ ਉਹਨਾਂ ਮੁਲਜ਼ਮਾਂ ਦਾ ਪਿਛੋਕੜ ਜ਼ਰੂਰ ਯੂਪੀ ਦਾ ਹੈ ਪਰ ਉਹ ਜਨਮੇ ਅਤੇ ਪਲੇ ਵੀ ਮੋਹਾਲੀ ਵਿੱਚ ਹੀ ਹਨ। ਉਨ੍ਹਾਂ ਨੇ ਪੜ੍ਹਾਈ ਲਿਖਾਈ ਵੀ ਮੋਹਾਲੀ ਦੇ ਸਰਕਾਰੀ ਸਕੂਲ ਵਿੱਚੋਂ ਹੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਲੜਾਈ ਸਾਇਕਲ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਸੀ।
ਕਾਬਿਲੇਗੌਰ ਹੈ ਕਿ ਕਤਲ ਦੀ ਰਾਤ ਤੋਂ ਹੀ ਦਮਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮੋਹਾਲੀ ਏਅਰਪੋਰਟ ਰੋਡ ਉੱਤੇ ਲਾਸ਼ ਰੱਖ ਕੇ ਜਾਮ ਲਗਾਇਆ ਹੋਇਆ ਸੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਜਾਮ ਨਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ। ਇਸ ਸਬੰਧੀ ਐਸਡੀਐਮ ਦਮਨਦੀਪ ਕੌਰ, ਐਸਪੀ ਸਿਟੀ ਹਰਬੀਰ ਅਟਵਾਲ ਅਤੇ ਡੀਐਸਪੀ ਸਿਟੀ 2 ਹਰਸਿਮਰਨ ਬਲ ਧਰਨੇ ਉੱਤੇ ਜਾ ਕੇ ਪਰਿਵਾਰਕ ਮੈਂਬਰਾਂ ਅਤੇ ਧਰਨਾਕਾਰੀਆਂ ਨਾਲ ਧਰਨਾ ਖੁੱਲ੍ਹਵਾਉਣ ਦੀ ਗੱਲ ਕਰ ਰਹੇ ਸਨ। ਉਥੇ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀੜਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਏਅਰਪੋਰਟ ਉਤੇ ਲਾਏ ਜਾਮ ਨੂੰ ਖੋਲ੍ਹ ਦਿੱਤਾ ਸੀ ।