ਅੱਜ ਤੋਂ GRAP-4 ਲਾਗੂ, 10ਵੀਂ-12ਵੀਂ ਨੂੰ ਛੱਡ ਕੇ ਸਾਰੇ ਸਕੂਲ ਬੰਦ, ਆਨਲਾਈਨ ਲੱਗਣਗੀਆਂ ਕਲਾਸਾਂ

Haryana School Closed- ਦਿੱਲੀ ਸਰਕਾਰ ਨੇ ਐਤਵਾਰ ਨੂੰ ਹਵਾ ਪ੍ਰਦੂਸ਼ਣ ਕਾਰਨ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਸੀ। ਦਿੱਲੀ ਸਰਕਾਰ ਨੇ ਸਪੱਸ਼ਟ ਕੀਤਾ ਕਿ ਸਕੂਲਾਂ ਵਿਚ 10ਵੀਂ ਅਤੇ 12ਵੀਂ ਨੂੰ ਛੱਡ ਕੇ ਹੋਰ ਕਲਾਸਾਂ ਨਹੀਂ ਲੱਗਣਗੀਆਂ। ਇਨ੍ਹਾਂ ਜਮਾਤਾਂ ਦੀ ਪੜ੍ਹਾਈ ਆਨਲਾਈਨ ਕਰਵਾਈ ਜਾਵੇਗੀ। ਇਸ ਦੀ ਜਾਣਕਾਰੀ ਦਿੱਲੀ ਦੇ ਸੀਐਮ ਆਤਿਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ। ਸੋਮਵਾਰ ਤੋਂ GRAP-4 ਦੇ ਲਾਗੂ ਹੋਣ ਨਾਲ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੱਡ ਕੇ ਸਾਰੇ ਵਿਦਿਆਰਥੀਆਂ ਲਈ ਕਲਾਸਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ। ਅਗਲੇ ਹੁਕਮਾਂ ਤੱਕ ਸਾਰੇ ਸਕੂਲ ਔਨਲਾਈਨ ਕਲਾਸਾਂ ਲਗਾਉਣਗੇ।
ਹਰਿਆਣਾ ਵਿੱਚ ਵੀ ਆਨਲਾਈਨ ਕਲਾਸਾਂ ਚੱਲਣਗੀਆਂ
ਵਧਦੇ ਪ੍ਰਦੂਸ਼ਣ ਕਾਰਨ ਹਰਿਆਣਾ ਸਰਕਾਰ ਨੇ ਵੀ ਸ਼ਨੀਵਾਰ ਨੂੰ ਹੀ ਇਸ ਸਬੰਧੀ ਆਦੇਸ਼ ਜਾਰੀ ਕੀਤਾ ਸੀ। ਸਰਕਾਰ ਦੀ ਤਰਫੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਦਾ ਮੁਲਾਂਕਣ ਕਰਨ ਅਤੇ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਦੀਆਂ ਕਲਾਸਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਰਾਜ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਕੂਲ ਸਿੱਖਿਆ ਡਾਇਰੈਕਟੋਰੇਟ ਦੀ ਤਰਫ਼ੋਂ ਇਸ ਸਬੰਧੀ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਨੂੰ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਅਸਥਾਈ ਤੌਰ ਉਤੇ ਬੰਦ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਇਸ ਦਾ ਅਸਰ ਵੀ ਦਿਖਾਈ ਦੇਣ ਲੱਗਾ। ਸੋਨੀਪਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਮਨੋਜ ਕੁਮਾਰ ਨੇ ਸੋਮਵਾਰ ਨੂੰ ਜ਼ਿਲੇ ‘ਚ ਖਰਾਬ ਹਵਾ ਦੀ ਗੁਣਵੱਤਾ ਕਾਰਨ ਪੰਜਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਖਰਾਬ ਹਵਾ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ।
ਇਸ ਦੌਰਾਨ ਸੂਬੇ ਦੇ ਚਾਰ ਜ਼ਿਲ੍ਹਿਆਂ ਗੁਰੂਗ੍ਰਾਮ, ਰੋਹਤਕ, ਸੋਨੀਪਤ ਅਤੇ ਝੱਜਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ‘ਚ ਸਮੋਗ ਨੂੰ ਲੈ ਕੇ ਓਂਰੇਜ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਵਿਚ ਸਕੂਲਾਂ ਵਿਚ ਛੁੱਟੀਆਂ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਹਾਲਾਤ ਹੋਰ ਵਿਗੜੇ ਤਾਂ ਸਰਕਾਰ ਇਸ ਬਾਰੇ ਸੋਚ ਸਕਦੀ ਹੈ।
ਚੰਡੀਗੜ੍ਹ ਵਿਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲਾਂਕਿ ਪਿਛਲੇ ਇੱਕ ਹਫ਼ਤੇ ਦੇ ਮੁਕਾਬਲੇ, AQI 300 ਤੋਂ ਹੇਠਾਂ ਪਹੁੰਚ ਗਿਆ ਹੈ ਅਤੇ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ, ਪਰ ਇਹ ਅਜੇ ਵੀ ਖਰਾਬ ਸਥਿਤੀ ਵਿੱਚ ਹੈ। ਚੰਡੀਗੜ੍ਹ ਦਾ AQI ਸਵੇਰੇ 282 ਦੇ ਅੰਕੜੇ ‘ਤੇ ਪਹੁੰਚ ਗਿਆ। ਫਿਲਹਾਲ ਚੰਡੀਗੜ੍ਹ ‘ਚ ਧੂੰਏਂ ਤੋਂ ਕਾਫੀ ਰਾਹਤ ਮਿਲੀ ਹੈ ਪਰ ਪੰਜਾਬ ਦੇ ਕਈ ਇਲਾਕਿਆਂ ‘ਚ ਸਮੋਗ ਨੂੰ ਲੈ ਕੇ ਓਂਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਐਤਵਾਰ ਨੂੰ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਧੂੰਏਂ ਦਾ ਅਸਰ ਦੇਖਣ ਨੂੰ ਮਿਲਿਆ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਫਰੀਦਕੋਟ ਅਤੇ ਮੋਗਾ ‘ਚ ਧੂੰਏਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਰਿਆਣਾ ਦੇ ਸਿਰਸਾ ਵਿੱਚ ਆਰੇਂਜ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਸਿਰਸਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਇੱਕ AQI ਪੱਧਰ 503 ਤੱਕ ਪਹੁੰਚ ਗਿਆ ਹੈ।