ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਲਰਟ, ਇਨ੍ਹਾਂ ਇਲਾਕਿਆਂ ‘ਚ ਵਧ ਸਕਦੀਆਂ ਨੇ ਮੁਸ਼ਕਲਾਂ IMD issues dense fog alert from Punjab to Bihar Continuous rain in Tamil Nadu Kerala Puducherry Karaikal – News18 ਪੰਜਾਬੀ
Weather Update: ਉੱਤਰੀ ਭਾਰਤ ਵਿਚ ਠੰਢ ਨੇ ਜ਼ੋਰ ਫੜ੍ਹ ਲਿਆ ਹੈ। ਆਈਐਮਡੀ ਨੇ ਪੰਜਾਬ ਤੋਂ ਬਿਹਾਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਭਾਰਤ ਵਿੱਚ ਚੇਨਈ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਿਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਵਿਚ ਬਾਰਸ਼ ਤਾਪਮਾਨ ਨੂੰ ਹੋਰ ਹੇਠਾਂ ਡੇਗ ਸਕਦੀ ਹੈ। ਕੱਲ੍ਹ ਵੀ ਅੰਮ੍ਰਿਤਸਰ ਸਣੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਹਲਕੀ ਬਾਰਸ਼ ਹੋਈ।
ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਦਿੱਲੀ NCR ਸਮੇਤ ਉੱਤਰੀ ਭਾਰਤ ਦੇ ਤਾਪਮਾਨ ਵਿਚ 24 ਘੰਟਿਆਂ ‘ਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ ਹੈ। ਪਰ, ਰਾਜਸਥਾਨ, ਗੁਜਰਾਤ, ਅਸਾਮ, ਮੇਘਾਲਿਆ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਦਿੱਲੀ ਵਿੱਚ ਸ਼ਨੀਵਾਰ ਰਾਤ ਨੂੰ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ ਵਿਚ ਗਿਰਾਵਟ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਧੁੰਦ ਕਹਿਰ ਮਚਾ ਰਹੀ ਹੈ। ਬਿਹਾਰ ‘ਚ ਤਾਪਮਾਨ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਉਥੇ ਹੀ ਸੂਬਾ ਵੀ ਧੁੰਦ ਦੀ ਮਾਰ ਝੱਲ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 17 ਨਵੰਬਰ ਦਿਨ ਐਤਵਾਰ ਨੂੰ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਲਈ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ, ਪੱਛਮੀ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੱਛਮੀ ਰਾਜਸਥਾਨ, ਪੰਜਾਬ, ਹਰਿਆਣਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਤੋਂ ਬੇਹੱਦ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਹੈ।
ਉੱਤਰ-ਪੂਰਬੀ ਮਾਨਸੂਨ ਦੱਖਣੀ ਭਾਰਤ ਦੇ ਰਾਜਾਂ ਵਿਚ ਤਬਾਹੀ ਮਚਾ ਰਿਹਾ ਹੈ। ਤਾਮਿਲਨਾਡੂ, ਕੇਰਲ, ਪੁਡੂਚੇਰੀ, ਕਰਾਈਕਲ ਅਤੇ ਮਾਹੀ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੇਰਲ ਵਿਚ 150 ਮਿਲੀਮੀਟਰ ਅਤੇ ਤਾਮਿਲਨਾਡੂ ਅਤੇ ਪੁਡੂਚੇਰੀ ‘ਚ 120 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 4 ਤੋਂ 5 ਦਿਨਾਂ ਤੱਕ ਚੇਨਈ, ਤਿਰੂਵਨੰਤਪੁਰਮ ਦੇ ਨਾਲ-ਨਾਲ ਅੰਦਰੂਨੀ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।