ਸਕੂਲ ਵੈਨ ਵਿਚੋਂ ਉਤਰਦੇ ਸਮੇਂ ਟਾਇਰ ਹੇਠਾਂ ਆਈ LKG ਦੀ ਬੱਚੀ, ਪਿਓ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ…
Panipat School Van Accident: ਪਾਣੀਪਤ ਵਿਚ ਵੈਨ ਡਰਾਈਵਰ ਦੀ ਲਾਪਰਵਾਹੀ ਨੇ 6 ਸਾਲ ਦੀ ਸਕੂਲੀ ਬੱਚੀ ਦੀ ਜਾਨ ਲੈ ਲਈ। ਮਾਮਲਾ ਸੈਕਟਰ-29 ਥਾਣੇ ਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਕੂਲ ਤੋਂ ਘਰ ਆ ਰਹੀ 6 ਸਾਲਾ ਵਿਦਿਆਰਥਣ ਨੂੰ ਵੈਨ ਨੇ ਕੁਚਲ ਦਿੱਤਾ ਅਤੇ ਉਸ ਦੀ ਮੌਤ ਹੋ ਗਈ।
ਵਿਦਿਆਰਥਣ ਇਸੇ ਵੈਨ ਵਿੱਚ ਸਵਾਰ ਹੋ ਕੇ ਘਰ ਪਰਤ ਰਹੀ ਸੀ ਕਿ ਇਹ ਹਾਦਸਾ ਵਾਪਰ ਗਿਆ। ਜਿਵੇਂ ਹੀ ਬੱਚੀ ਆਪਣੇ ਪਿਤਾ ਵੱਲ ਵਧਣ ਲੱਗੀ ਤਾਂ ਵੈਨ ਚਾਲਕ ਨੇ ਲਾਪਰਵਾਹੀ ਦਿਖਾਉਂਦੇ ਹੋਏ ਤੇਜ਼ ਰਫਤਾਰ ਨਾਲ ਵੈਨ ਭਜਾ ਲਈ। ਬੱਚੀ ਵੈਨ ਦੀ ਲਪੇਟੇ ਵਿਚ ਆ ਗਈ ਅਤੇ ਪਿਛਲੇ ਪਹੀਏ ਲੜਕੀ ਦੇ ਉੱਪਰੋਂ ਲੰਘ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਦੌਰਾਨ 6 ਸਾਲ ਦੀ ਬੱਚੀ ਆਪਣੇ ਪਿਤਾ ਦੀ ਗੋਦ ਵਿਚ ਹੀ ਦਮ ਤੋੜ ਗਈ। ਲੜਕੀ ਦੀ ਪਛਾਣ ਰੁਚੀ ਵਜੋਂ ਹੋਈ ਹੈ। ਬੱਚੀ ਐਲਕੇਜੀ ਵਿੱਚ ਪੜ੍ਹਦੀ ਸੀ। ਦੂਜੇ ਪਾਸੇ ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ। ਬੱਚੀ ਦੇ ਪਿਤਾ ਅਭਿਨੰਦਨ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਹਨ ਅਤੇ ਵੱਡੀ ਬੇਟੀ ਦਾ ਨਾਂ ਮਾਸੂਮ (8) ਹੈ, ਜਦੋਂ ਕਿ ਵਿਚਕਾਰਲੀ ਬੇਟੀ ਰੁਚੀ ਸੀ, ਜੋ ਕਿ ਐਲਕੇਜੀ ਦੀ ਵਿਦਿਆਰਥਣ ਸੀ। ਤੀਜੀ ਬੇਟੀ ਜੀਆ 1 ਸਾਲ ਦੀ ਹੈ।
ਪਿਤਾ ਨੇ ਦੱਸਿਆ ਕਿ ਉਹ ਰਾਸ਼ਨ ਦੀ ਦੁਕਾਨ ਚਲਾਉਂਦਾ ਹੈ।ਬੇਟੀ ਰੁਚੀ ਦਾ ਜਨਮ 13 ਜਨਵਰੀ 2019 ਨੂੰ ਹੋਇਆ ਸੀ। ਬੇਟੀ ਦੁਪਹਿਰ 1 ਵਜੇ ਦੇ ਕਰੀਬ ਸਕੂਲ ਤੋਂ ਵਾਪਸ ਆ ਰਹੀ ਸੀ। ਉਹ ਈਕੋ ਵੈਨ ਵਿੱਚ ਸਕੂਲ ਜਾਂਦੀ ਸੀ। ਇਸ ਦੌਰਾਨ ਬੁੱਧਵਾਰ ਨੂੰ ਜਦੋਂ ਉਹ ਵੈਨ ਤੋਂ ਉਤਰ ਕੇ ਘਰ ਵੱਲ ਆ ਰਹੀ ਸੀ ਤਾਂ ਇਸੇ ਵੈਨ ਨੇ ਉਸ ਨੂੰ ਕੁਚਲ ਦਿੱਤਾ। ਇਸ ਦੌਰਾਨ ਪਿਛਲਾ ਟਾਇਰ ਲੜਕੀ ਦੀ ਗਰਦਨ ਦੇ ਉੱਪਰੋਂ ਲੰਘ ਗਿਆ। ਪਿਤਾ ਉੱਥੇ ਖੜ੍ਹਾ ਆਪਣੀ ਧੀ ਦੀ ਉਡੀਕ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਉਹ ਤੁਰੰਤ ਆਪਣੀ ਧੀ ਨੂੰ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡੀਐਸਪੀ ਹੈੱਡਕੁਆਰਟਰ ਸਤੀਸ਼ ਵਤਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸੈਕਟਰ 29 ਥਾਣੇ ਵਿੱਚ ਧਾਰਾ 106 ਅਤੇ 281 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਵੈਨ ਚਾਲਕ ਫਿਲਹਾਲ ਫਰਾਰ ਹੈ। ਉਸ ਦੀ ਪਛਾਣ ਹੋ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।