RCB ਦੀ ਜਿੱਤ ਤੋਂ ਬਾਅਦ ਕੋਹਲੀ ਸਮੇਤ ਸਾਰੇ ਖਿਡਾਰੀਆਂ ਨੇ ਪਰਿਵਾਰ ਸਮੇਤ ਮਨਾਇਆ ਜਸ਼ਨ, Photos ਹੋਈਆਂ Viral

ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈਪੀਐਲ 2025 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ, ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ ਛੇ ਦੌੜਾਂ ਨਾਲ ਹਰਾਇਆ। ਇੱਕ ਸਮੇਂ, ਪਸੀਨੇ ਨਾਲ ਭਿੱਜੇ ਵਿਰਾਟ ਕੋਹਲੀ ਥੋੜ੍ਹਾ ਬੇਸਬਰੇ ਦਿਖਾਈ ਦੇ ਰਹੇ ਸਨ। ਆਖ਼ਰਕਾਰ ਹੋਣ ਵੀ ਕਿਉਂ ਨਾ, ਉਨ੍ਹਾਂ ਦਾ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਪਹਿਲਾ ਆਈਪੀਐਲ ਖਿਤਾਬ ਸਿਰਫ਼ ਇੱਕ ਓਵਰ ਦੂਰ ਸੀ। ਕੋਹਲੀ ਨੂੰ ਜਿੱਤ ਦਾ ਸੰਕੇਤ ਮਿਲਿਆ ਅਤੇ ਉਹ ਮੈਦਾਨ ਵਿੱਚ ਗੋਡਿਆਂ ਭਾਰ ਬੈਠ ਗਏ ਤੇ ਭਾਵੁਕ ਹੋ ਗਏ, ਥੋੜੇ ਸਮੇਂ ਬਾਅਦ ਉਹ ਰੋਣ ਲੱਗ ਪਏ।
ਜਿਵੇਂ ਹੀ ਜੋਸ਼ ਹੇਜ਼ਲਵੁੱਡ ਨੇ 20ਵੇਂ ਓਵਰ ਵਿੱਚ ਆਰਸੀਬੀ ਦੀ ਜਿੱਤ ਯਕੀਨੀ ਬਣਾਈ, ਕੋਹਲੀ ਦੀਆਂ ਅੱਖਾਂ ਭਰ ਆਈਆਂ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਨ੍ਹਾਂ ਨੇ ਆਪਣਾ ਚਿਹਰਾ ਆਪਣੀ ਹਥੇਲੀ ਵਿੱਚ ਲੁਕਾ ਲਿਆ ਸੀ। ਆਰਸੀਬੀ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਸਭ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਹਰ ਕੋਈ ਇਹ ਕਹਿ ਰਿਹਾ ਸੀ ਕਿ ਆਖਿਰਕਾਰ, 18 ਨੰਬਰ ਦੀ ਜਰਸੀ ਲਈ 18 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ।
ਇਸ ਤੋਂ ਬਾਅਦ, ਭਾਵੇਂ ਉਹ ਕੋਹਲੀ-ਅਨੁਸ਼ਕਾ ਹੋਵੇ, ਕਰੁਣਾਲ ਪੰਡਯਾ-ਪੰਖੁੜੀ (ਉਸ ਦੀ ਪਤਨੀ), ਦਿਨੇਸ਼ ਕਾਰਤਿਕ-ਦੀਪਿਕਾ ਪੱਲੀਕਲ ਅਤੇ ਰਜਤ ਪਾਟੀਦਾਰ-ਐਸ਼ਵਰਿਆ, ਹਰ ਕੋਈ ਮੈਦਾਨ ਵਿੱਚ ਆਇਆ ਅਤੇ ਉਸ ਨੇ ਜਸ਼ਨ ਮਨਾਇਆ। ਜਿਤੇਸ਼ ਦੀ ਪਤਨੀ ਸ਼ਲਕਾ ਅਤੇ ਮਯੰਕ ਦੀ ਪਤਨੀ ਅਸ਼ਿਤਾ ਵੀ ਮੈਦਾਨ ‘ਤੇ ਉਨ੍ਹਾਂ ਨਾਲ ਮੌਜੂਦ ਸਨ।
ਇਨ੍ਹਾਂ ਸਭ ਦੀਆਂ ਜਸ਼ਨ ਮਨਾਉਂਦੇ ਦੀਆਂ ਫੋਟੋਆਂ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਖਿਡਾਰੀਆਂ ਨੇ ਆਪਣੇ ਪਰਿਵਾਰਾਂ ਨੂੰ ਮੈਦਾਨ ‘ਤੇ ਬੁਲਾਇਆ ਅਤੇ ਮੈਦਾਨ ‘ਤੇ ਹੀ ਜਸ਼ਨ ਮਨਾਇਆ। ਕੋਹਲੀ ਅਨੁਸ਼ਕਾ ਨੂੰ ਜੱਫੀ ਪਾਉਣ ਤੋਂ ਬਾਅਦ ਰੋ ਪਏ। ਕਾਰਤਿਕ ਨੇ ਆਪਣੀ ਪਤਨੀ ਪੱਲੀਕਲ ਨੂੰ ਜੱਫੀ ਪਾਈ ਅਤੇ ਉਹ ਵੀ ਭਾਵੁਕ ਦਿਖਾਈ ਦੇ ਰਹੇ ਸਨ।
ਕਰੁਣਾਲ ਨੇ ਸਟੇਜ ‘ਤੇ ਬੈਠ ਕੇ ਆਪਣੀ ਪਤਨੀ ਪੰਖੁੜੀ ਨਾਲ ਫੋਟੋ ਖਿਚਵਾਈ। ਆਪਣੀ ਕਪਤਾਨੀ ਦੇ ਪਹਿਲੇ ਸਾਲ ਵਿੱਚ ਆਰਸੀਬੀ ਨੂੰ ਚੈਂਪੀਅਨ ਬਣਾਉਣ ਵਾਲੇ ਰਜਤ ਆਪਣੀ ਪਤਨੀ ਐਸ਼ਵਰਿਆ ਨੂੰ ਮਿਲਣ ਤੋਂ ਬਾਅਦ ਭਾਵੁਕ ਹੋ ਗਏ।
ਇਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਹਨ ਤੇ ਹਰ ਕੋਈ ਟੀਮ ਨੂੰ ਵਧਾਈ ਦੇ ਰਿਹਾ ਹੈ।