BCCI ਵੱਲੋਂ ਕੀਤੇ ਗਏ ਧੋਖੇ ਕਾਰਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਈ ਰਿਟਾਇਰਮੈਂਟ? ਰਿਪੋਰਟ ‘ਚ ਹੋਇਆ ਖ਼ੁਲਾਸਾ

ਵਿਰਾਟ ਕੋਹਲੀ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲਏ ਚਾਰ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੂੰ ਇਸ ਦੇ ਪਿੱਛੇ ਦਾ ਕਾਰਨ ਸਮਝ ਨਹੀਂ ਆਇਆ ਹੈ। ਮਾਹਿਰਾਂ ਤੋਂ ਲੈ ਕੇ ਆਮ ਕ੍ਰਿਕਟ ਪ੍ਰੇਮੀਆਂ ਤੱਕ, ਹਰ ਕੋਈ ਆਪਣੇ-ਆਪਣੇ ਅੰਦਾਜ਼ੇ ਲਗਾ ਰਿਹਾ ਹੈ। ਇਸ ਦੌਰਾਨ, ਇੱਕ ਰਿਪੋਰਟ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਿਰਾਟ ਕੋਹਲੀ ਨੂੰ ਸੰਕੇਤ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਬਾਰਡਰ-ਗਾਵਸਕਰ ਟਰਾਫੀ 2024-25 ਦੌਰਾਨ ਦੁਬਾਰਾ ਟੈਸਟ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਅਜਿਹਾ ਨਹੀਂ ਹੋਇਆ, ਅਤੇ ਉਸ ਤੋਂ ਬਾਅਦ ਹਾਲਾਤ ਹੋਰ ਵੀ ਵਿਗੜਦੇ ਗਏ।
ਕ੍ਰਿਕਟ ਪ੍ਰੇਮੀ ਜਾਣਦੇ ਹਨ ਕਿ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਕੋਹਲੀ ਨੇ 68 ਟੈਸਟ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ, ਜਿਨ੍ਹਾਂ ਵਿੱਚੋਂ 40 ਵਿੱਚ ਜਿੱਤ ਦਰਜ ਕੀਤੀ ਹੈ। ਕਿਸੇ ਹੋਰ ਭਾਰਤੀ ਕਪਤਾਨ ਨੇ ਕੋਹਲੀ ਤੋਂ ਵੱਧ ਟੈਸਟ ਮੈਚ ਨਹੀਂ ਜਿੱਤੇ। ਆਸਟ੍ਰੇਲੀਆ ਦੌਰੇ ‘ਤੇ ਉਨ੍ਹਾਂ ਦੀ ਫਾਰਮ ਚੰਗੀ ਨਹੀਂ ਸੀ। ਇਸ ਦੇ ਬਾਵਜੂਦ, ਉਨ੍ਹਾਂ ਦਾ ਇੰਗਲੈਂਡ ਦੌਰੇ ‘ਤੇ ਜਾਣਾ ਤੈਅ ਮੰਨਿਆ ਜਾ ਰਿਹਾ ਸੀ। ਪਰ ਕੋਹਲੀ ਨੇ 12 ਮਈ ਨੂੰ ਇੰਸਟਾਗ੍ਰਾਮ ‘ਤੇ ਟੈਸਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
36 ਸਾਲਾ ਵਿਰਾਟ ਕੋਹਲੀ ਦੇ ਟੈਸਟ ਤੋਂ ਸੰਨਿਆਸ ਲੈਣ ਤੋਂ ਕੁਝ ਦਿਨਾਂ ਬਾਅਦ, ਇਹ ਰਿਪੋਰਟ ਆਈ ਹੈ ਕਿ ਉਹ ਦੁਬਾਰਾ ਭਾਰਤੀ ਟੈਸਟ ਟੀਮ ਦਾ ਕਪਤਾਨ ਬਣਨਾ ਚਾਹੁੰਦੇ ਸੀ। ਬੀਸੀਸੀਆਈ ਨੇ ਵੀ ਕੋਹਲੀ ਨਾਲ ਇਹ ਵਾਅਦਾ ਕੀਤਾ ਸੀ, ਪਰ ਬੋਰਡ ਨੇ ਬਾਅਦ ਵਿੱਚ ਆਪਣਾ ਮਨ ਬਦਲ ਲਿਆ। ਸਪੋਰਟਸ ਟੂਡੇ ਦੀ ਇੱਕ ਵੀਡੀਓ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਹਲੀ ਨੂੰ ਕਪਤਾਨੀ ਵਿੱਚ ਵਾਪਸੀ ਦਾ ਸੰਕੇਤ ਦਿੱਤਾ ਗਿਆ ਸੀ। ਇਹ ਉਦੋਂ ਹੋਇਆ ਜਦੋਂ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤ ਐਡੀਲੇਡ ਟੈਸਟ ਤਿੰਨ ਦਿਨਾਂ ਵਿੱਚ ਹਾਰ ਗਿਆ।
ਇਸ ਰਿਪੋਰਟ ਦੇ ਅਨੁਸਾਰ, ਭਾਰਤ ਇਹ ਸੀਰੀਜ਼ 1-3 ਨਾਲ ਹਾਰ ਗਿਆ। ਇਸ ਤੋਂ ਬਾਅਦ ਬੀਸੀਸੀਆਈ ਦੀ ਸੋਚ ਵਿੱਚ ਬਦਲਾਅ ਆਇਆ। ਟੀਮ ਪ੍ਰਬੰਧਨ ਨੇ ਇਹ ਵੀ ਸੋਚਿਆ ਕਿ ਇੱਕ ਨੌਜਵਾਨ ਕਪਤਾਨ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ, ਕੋਹਲੀ ਅਜੇ ਵੀ ਕਪਤਾਨੀ ਵਾਪਸ ਮਿਲਣ ਦੀ ਉਮੀਦ ਕਰ ਰਹੇ ਸੀ। ਉਨ੍ਹਾਂ ਨੇ ਇਸੇ ਉਮੀਦ ਨਾਲ ਰੇਲਵੇ ਵਿਰੁੱਧ ਰਣਜੀ ਮੈਚ ਖੇਡਿਆ। ਅਪ੍ਰੈਲ ਵਿੱਚ, ਕੋਹਲੀ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਆਉਣ ਵਾਲੀ ਸੀਰੀਜ਼ ਲਈ ਇੱਕ ਖਿਡਾਰੀ ਦੇ ਰੂਪ ਵਿੱਚ ਬਰਕਰਾਰ ਰੱਖਿਆ ਜਾ ਰਿਹਾ ਹੈ, ਕਪਤਾਨ ਦੇ ਰੂਪ ਵਿੱਚ ਨਹੀਂ। ਇਸ ਤੋਂ ਬਾਅਦ ਕੋਹਲੀ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ।
ਕੋਹਲੀ 17 ਮਈ ਨੂੰ ਮੈਦਾਨ ‘ਤੇ ਨਜ਼ਰ ਆਉਣਗੇ
ਵਿਰਾਟ ਕੋਹਲੀ ਹੁਣ ਭਾਰਤ ਲਈ ਸਿਰਫ਼ ਇੱਕ ਰੋਜ਼ਾ ਮੈਚਾਂ ਵਿੱਚ ਖੇਡਦੇ ਨਜ਼ਰ ਆਉਣਗੇ। ਹਾਲਾਂਕਿ, ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਕੋਹਲੀ ਆਈਪੀਐਲ ਵਿੱਚ ਵੀ ਖੇਡਣਾ ਜਾਰੀ ਰੱਖਣਗੇ। ਇੱਕ ਹਫ਼ਤੇ ਦੇ ਬ੍ਰੇਕ ਤੋਂ ਬਾਅਦ ਆਈਪੀਐਲ 17 ਮਈ ਤੋਂ ਮੁੜ ਸ਼ੁਰੂ ਹੋ ਰਿਹਾ ਹੈ। ਬ੍ਰੇਕ ਤੋਂ ਬਾਅਦ, ਪਹਿਲਾ ਮੈਚ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਹੋਵੇਗਾ।