ਸੁਨੀਲ ਗਾਵਸਕਰ ਨੇ IPL 2025 ਲਈ BCCI ਤੋਂ ਕੀਤੀ ਮੰਗ, ਕਿਹਾ ‘ਹੁਣ ਨਾ ਹੋਵੇ ਕੁੜੀਆਂ ਦਾ ਡਾਂਸ ਤੇ ਨਾ ਹੋਵੇ DJ…’

ਆਪਣੇ ਬੇਬਾਕ ਬਿਆਨਾਂ ਲਈ ਮਸ਼ਹੂਰ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਬੀਸੀਸੀਆਈ ਨੂੰ ਇੱਕ ਜ਼ਰੂਰੀ ਸਲਾਹ ਦਿੱਤੀ ਹੈ। 75 ਸਾਲਾ ਗਾਵਸਕਰ, ਜੋ ਕਿ ਲਿਟਲ ਮਾਸਟਰ ਦੇ ਨਾਮ ਨਾਲ ਮਸ਼ਹੂਰ ਹਨ, ਦਾ ਮੰਨਣਾ ਹੈ ਕਿ ਜਦੋਂ ਆਈਪੀਐਲ 2025 17 ਮਈ ਤੋਂ ਮੁੜ ਸ਼ੁਰੂ ਹੋਵੇਗਾ, ਤਾਂ ਇਸ ਵਿੱਚੋਂ ਸੰਗੀਤ, ਨਾਚ ਅਤੇ ਜਸ਼ਨ ਦਾ ਮਾਹੌਲ ਹਟਾ ਦੇਣਾ ਚਾਹੀਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਸੁਨੀਲ ਗਾਵਸਕਰ ਨੇ ਅਜਿਹੀ ਮੰਗ ਕਿਉਂ ਕੀਤੀ?
ਸੁਨੀਲ ਗਾਵਸਕਰ ਨੇ ਇਹ ਮੰਗ ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਹਿੰਸਾ ਦੇ ਪੀੜਤਾਂ ਦੇ ਸਨਮਾਨ ਵਿੱਚ ਕੀਤੀ ਹੈ। ਗਾਵਸਕਰ ਨੇ ਸਪੋਰਟਸ ਟੂਡੇ ਨੂੰ ਕਿਹਾ ਕਿ “ਮੈਂ ਪੂਰੀ ਉਮੀਦ ਕਰਦਾ ਹਾਂ ਕਿ ਜੋ ਕੁਝ ਹੋਇਆ ਹੈ ਅਤੇ ਕੁਝ ਪਰਿਵਾਰਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਦੇ ਸੰਬੰਧ ਵਿੱਚ, ਸਟੇਡੀਅਮ ਨੂੰ ਮਨੋਰੰਜਨ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉੱਥੇ ਸਿਰਫ਼ ਖੇਡ ਹੋਣੀ ਚਾਹੀਦੀ ਹੈ। ਭੀੜ ਨੂੰ ਆਉਣ ਦਿਓ, ਪਰ ਕੋਈ ਸੰਗੀਤ ਨਹੀਂ, ਓਵਰਾਂ ਦੇ ਵਿਚਕਾਰ ਕੋਈ ਡੀਜੇ ਦਾ ਸ਼ੋਰ ਨਹੀਂ, ਅਜਿਹਾ ਕੁਝ ਨਹੀਂ। ਸਿਰਫ਼ ਖੇਡ, ਕੋਈ ਡਾਂਸਰ ਨਹੀਂ, ਕੁਝ ਨਹੀਂ। ਸਿਰਫ਼ ਕ੍ਰਿਕਟ। ਇਹ ਉਨ੍ਹਾਂ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਇੱਕ ਵਧੀਆ ਤਰੀਕਾ ਹੋਵੇਗਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”
17 ਮਈ ਤੋਂ ਮੁੜ ਸ਼ੁਰੂ ਹੋ ਰਿਹਾ ਹੈ IPL
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 12 ਮਈ ਨੂੰ ਆਈਪੀਐਲ ਦੇ ਮੌਜੂਦਾ ਸੀਜ਼ਨ ਨੂੰ 17 ਮਈ ਤੋਂ ਛੇ ਥਾਵਾਂ ‘ਤੇ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਜਿਸ ਦਾ ਫਾਈਨਲ 3 ਜੂਨ ਨੂੰ ਸੋਧੇ ਹੋਏ ਸ਼ਡਿਊਲ ਅਨੁਸਾਰ ਹੋਵੇਗਾ। ਲੀਗ ਦੁਬਾਰਾ ਸ਼ੁਰੂ ਹੋਣ ‘ਤੇ ਪਹਿਲਾ ਮੈਚ 17 ਮਈ ਨੂੰ ਬੰਗਲੁਰੂ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ।
ਮੈਚ ਨੂੰ ਅਚਾਨਕ ਰੋਕਣਾ ਪਿਆ
8 ਮਈ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ ਰੱਦ ਹੋਣ ਤੋਂ ਬਾਅਦ ਆਈਪੀਐਲ ਨੂੰ ਰੋਕ ਦਿੱਤਾ ਗਿਆ ਸੀ ਕਿਉਂਕਿ ਪਾਕਿਸਤਾਨ ਨੇ ਚੰਡੀਗੜ੍ਹ ਨੇੜੇ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਸਟੇਡੀਅਮ ਵਿੱਚ ਬਲੈਕਆਊਟ ਹੋ ਗਿਆ ਸੀ।