1901 ਤੋਂ ਬਾਅਦ ਅਕਤੂਬਰ ‘ਚ ਰਹੀ ਸਭ ਤੋਂ ਜ਼ਿਆਦਾ ਗਰਮੀ, ਨਵੰਬਰ ਵੀ ਰਹਿ ਸਕਦਾ ਹੈ ਗਰਮ, ਜਾਣੋ ਕਦੋਂ ਪਵੇਗੀ ਠੰਡ

ਇਨ੍ਹੀਂ ਦਿਨੀਂ ਦੇਸ਼ ਭਰ ਵਿੱਚ ਮੌਸਮ ਦਾ ਮਿਜ਼ਾਜ ਬਦਲਦਾ ਨਜ਼ਰ ਆ ਰਿਹਾ ਹੈ। ਆਮ ਤੌਰ ‘ਤੇ ਦੀਵਾਲੀ ਦੇ ਆਸ-ਪਾਸ ਠੰਢ ਸ਼ੁਰੂ ਹੋ ਜਾਂਦੀ ਹੈ। ਪਰ ਇਸ ਵਾਰ ਇਸ ਦਾ ਕਿਧਰੇ ਵੀ ਪਤਾ ਨਹੀਂ ਲੱਗ ਰਿਹਾ। ਦੇਸ਼ ਵਿੱਚ ਸਰਦੀ ਕਦੋਂ ਸ਼ੁਰੂ ਹੋਵੇਗੀ ? ਇਸ ਸਬੰਧੀ ਮੌਸਮ ਵਿਭਾਗ ਨੇ ਵੀ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਹੈ। ਹਾਂ, ਇਹ ਸੱਚ ਹੈ ਕਿ ਨਵੰਬਰ ਦਾ ਮਹੀਨਾ ਗਰਮ ਰਹਿ ਸਕਦਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਸਾਲ 1901 ਤੋਂ ਬਾਅਦ ਭਾਰਤ ਵਿੱਚ ਸਭ ਤੋਂ ਗਰਮ ਅਕਤੂਬਰ ਮਹੀਨਾ ਰਿਹਾ ਹੈ। ਇਸ ਮਹੀਨੇ ਔਸਤ ਤਾਪਮਾਨ ਆਮ ਨਾਲੋਂ 1.23 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਪੱਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ ਵਿੱਚ ਸਰਗਰਮ ਘੱਟ ਦਬਾਅ ਦੀ ਵਜ੍ਹਾ ਕਾਰਨ ਗਰਮੀ ਜ਼ਿਆਦਾ ਮਹਿਸੂਸ ਹੋਈ ਹੈ।
123 ਸਾਲਾਂ ਬਾਅਦ ਅਕਤੂਬਰ ਦਾ ਮਹੀਨਾ ਸਭ ਤੋਂ ਜ਼ਿਆਦਾ ਗਰਮ…
ਮਹਾਪਾਤਰਾ ਨੇ ਕਿਹਾ ਕਿ ਅਕਤੂਬਰ ‘ਚ ਔਸਤ ਤਾਪਮਾਨ 26.92 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ 1901 ਤੋਂ ਬਾਅਦ ਦਾ ਸਭ ਤੋਂ ਗਰਮ ਤਾਪਮਾਨ ਹੈ। ਜਦੋਂ ਕਿ ਆਮ ਤਾਪਮਾਨ 25.69 ਡਿਗਰੀ ਸੈਲਸੀਅਸ ਰਹਿੰਦਾ ਹੈ। ਘੱਟੋ-ਘੱਟ ਤਾਪਮਾਨ ਵੀ 21.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦੋਂ ਕਿ ਪੂਰੇ ਦੇਸ਼ ਦਾ ਤਾਪਮਾਨ 20.01 ਡਿਗਰੀ ਸੈਲਸੀਅਸ ਰਿਹਾ।
ਮਹਾਪਾਤਰਾ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਵਿੱਚ ਤਾਪਮਾਨ ਵਿੱਚ ਗਿਰਾਵਟ ਲਈ ਉੱਤਰ-ਪੱਛਮੀ ਹਵਾਵਾਂ ਜ਼ਰੂਰੀ ਹਨ। ਮਾਨਸੂਨ ਦੇ ਪ੍ਰਵਾਹ ਕਾਰਨ ਤਾਪਮਾਨ ਵਿੱਚ ਕੋਈ ਗਿਰਾਵਟ ਨਹੀਂ ਆਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਘੱਟ ਤੋਂ ਘੱਟ ਅਗਲੇ ਦੋ ਹਫ਼ਤਿਆਂ ਤੱਕ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਤਾਪਮਾਨ ਆਮ ਨਾਲੋਂ 2-5 ਡਿਗਰੀ ਉਪਰ ਬਣਿਆ ਰਹੇਗਾ। ਜਿਸ ਤੋਂ ਬਾਅਦ ਇਸ ਵਿੱਚ ਹੌਲੀ ਹੌਲੀ ਗਿਰਾਵਟ ਆਵੇਗੀ।
ਨਵੰਬਰ ਠੰਡ ਦਾ ਮਹੀਨਾ ਨਹੀਂ – ਮੌਸਮ ਵਿਭਾਗ
ਮਹਾਪਾਤਰਾ ਨੇ ਕਿਹਾ ਕਿ ਮੌਸਮ ਵਿਭਾਗ ਨਵੰਬਰ ਦੇ ਮਹੀਨੇ ਨੂੰ ਸਰਦੀਆਂ ਦੇ ਤੌਰ ‘ਤੇ ਨਹੀਂ ਗਿਣਦਾ ਹੈ। ਉਨ੍ਹਾਂ ਕਿਹਾ ਕਿ ਜਨਵਰੀ ਅਤੇ ਫਰਵਰੀ ਸਰਦੀਆਂ ਦੇ ਮਹੀਨੇ ਮੰਨੇ ਜਾਂਦੇ ਹਨ। ਜਦੋਂ ਕਿ ਦਸੰਬਰ ਵਿੱਚ ਠੰਢ ਦੇ ਸੰਕੇਤ ਮਿਲਦੇ ਹਨ। ਦੱਖਣੀ ਪ੍ਰਾਇਦੀਪ ਵਿੱਚ, ਉੱਤਰ-ਪੂਰਬੀ ਮਾਨਸੂਨ ਦੇ ਕਾਰਨ, ਨਵੰਬਰ ਵਿੱਚ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ, ਰਾਇਲਸੀਮਾ, ਕੇਰਲ ਅਤੇ ਮਾਹੇ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਉਮੀਦ ਜਤਾਈ ਹੈ।