ਬੱਚੇ ਦੇ ਹਰ ਵਾਰ ਰੋਣ ‘ਤੇ ਉਸ ਨੂੰ ਦੁੱਧ ਦੀ ਬੋਤਲ ਦੇਣਾ ਗ਼ਲਤ, ਜਾਣੋ ਬੱਚੇ ਦੇ ਰੋਣ ਦਾ ਅਸਲੀ ਕਾਰਨ – News18 ਪੰਜਾਬੀ

ਜਦੋਂ ਸਾਡੇ ਘਰ ਵਿੱਚ ਛੋਟੇ ਬੱਚੇ ਹੁੰਦੇ ਹਨ, ਤਾਂ ਕਈ ਵਾਰ ਅਸੀਂ ਉਨ੍ਹਾਂ ਦੇ ਰੋਣ ਦਾ ਕਾਰਨ ਸਮਝਣ ਵਿੱਚ ਅਸਮਰੱਥ ਹੁੰਦੇ ਹਾਂ। ਜਦੋਂ ਛੋਟੇ ਬੱਚੇ ਰੋਂਦੇ ਹਨ, ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਬੱਚਿਆਂ ਦੇ ਰੋਣ ਨੂੰ ਅਕਸਰ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਦੁਆਰਾ ਭੁੱਖ ਦੀ ਨਿਸ਼ਾਨੀ ਵਜੋਂ ਮੰਨਿਆ ਜਾਂਦਾ ਹੈ। ਜਿਵੇਂ ਹੀ ਬੱਚਾ ਰੋਂਦਾ ਹੈ, ਉਸ ਨੂੰ ਤੁਰੰਤ ਦੁੱਧ ਦੀ ਬੋਤਲ ਦੇ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਬੱਚਾ ਹਰ ਵਾਰ ਭੁੱਖ ਕਾਰਨ ਰੋ ਰਿਹਾ ਹੋਵੇ। ਬੱਚਿਆਂ ਦਾ ਰੋਣਾ ਹੀ ਉਨ੍ਹਾਂ ਦੇ ਸੰਚਾਰ ਦਾ ਇੱਕੋ ਇੱਕ ਸਾਧਨ ਹੁੰਦਾ ਹੈ, ਅਤੇ ਇਸਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਮਾਪਿਆਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦਾ ਬੱਚਾ ਕਿਉਂ ਰੋ ਰਿਹਾ ਹੈ। ਕਿਉਂਕਿ ਛੋਟੇ ਬੱਚੇ ਸਿਰਫ਼ ਉਦੋਂ ਹੀ ਰੋਣਾ ਜਾਣਦੇ ਹਨ ਜਦੋਂ ਉਨ੍ਹਾਂ ਨੂੰ ਕੋਈ ਸਮੱਸਿਆ ਹੁੰਦੀ ਹੈ, ਅਤੇ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਇਸ ਦਾ ਕਾਰਨ ਭੁੱਖ ਹੋਵੇ। ਤਾਂ ਆਓ ਇਸ ਬਾਰੇ ਕੁਝ ਜਾਣੀਏ।
ਡਾਇਪਰ ਗਿੱਲਾ ਜਾਂ ਗੰਦਾ ਹੋਣਾ:
ਬੱਚੇ ਦੀ ਸਕਿਨ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਗਿੱਲਾ ਜਾਂ ਗੰਦਾ ਡਾਇਪਰ ਉਨ੍ਹਾਂ ਨੂੰ ਬੇਆਰਾਮੀ ਦੇ ਸਕਦਾ ਹੈ। ਇਸ ਬੇਅਰਾਮੀ ਕਾਰਨ ਬੱਚਾ ਰੋਣ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਬੱਚੇ ਨੂੰ ਦੁੱਧ ਪਿਲਾਉਣ ਦੀ ਬਜਾਏ ਡਾਇਪਰ ਦੀ ਜਾਂਚ ਕਰਨਾ ਜ਼ਿਆਦਾ ਜ਼ਰੂਰੀ ਹੈ।
ਨੀਂਦ ਦੀ ਕਮੀ ਜਾਂ ਥਕਾਵਟ:
ਜਦੋਂ ਬੱਚੇ ਥੱਕ ਜਾਂਦੇ ਹਨ ਜਾਂ ਨੀਂਦ ਆਉਂਦੇ ਹਨ, ਤਾਂ ਉਹ ਚਿੜਚਿੜੇ ਹੋ ਜਾਂਦੇ ਹਨ ਅਤੇ ਰੋਣ ਲੱਗ ਪੈਂਦੇ ਹਨ। ਇਸ ਸਥਿਤੀ ਵਿੱਚ ਦੁੱਧ ਪਿਲਾਉਣ ਨਾਲ ਉਨ੍ਹਾਂ ਨੂੰ ਵਧੇਰੇ ਬੇਆਰਾਮੀ ਹੋ ਸਕਦੀ ਹੈ। ਉਨ੍ਹਾਂ ਨੂੰ ਸਵਾਉਣ ਦੀ ਕੋਸ਼ਿਸ਼ ਕਰੋ, ਇੱਕ ਸ਼ਾਂਤ ਵਾਤਾਵਰਣ ਪ੍ਰਦਾਨ ਕਰੋ।
ਗੈਸ ਜਾਂ ਪੇਟ ਦਰਦ:
ਨਵਜੰਮੇ ਬੱਚਿਆਂ ਨੂੰ ਗੈਸ ਦੀ ਸਮੱਸਿਆ ਹੋਣਾ ਆਮ ਗੱਲ ਹੈ। ਜਦੋਂ ਉਨ੍ਹਾਂ ਨੂੰ ਪੇਟ ਦਰਦ ਹੁੰਦਾ ਹੈ, ਉਹ ਰੋਂਦੇ ਹਨ। ਦੁੱਧ ਦੀ ਬੋਤਲ ਦੇਣ ਨਾਲ ਸਮੱਸਿਆ ਵਧ ਸਕਦੀ ਹੈ। ਗੈਸ ਨੂੰ ਦੂਰ ਕਰਨ ਲਈ ਹਲਕੀ ਜਿਹੀ ਮਾਲਿਸ਼ ਕਰਨਾ ਜਾਂ ਪਿੱਠ ਥਪਥਪਾਉਣਾ ਮਦਦਗਾਰ ਹੋ ਸਕਦਾ ਹੈ।
ਤਾਪਮਾਨ ਵਿੱਚ ਬਦਲਾਅ:
ਬਹੁਤ ਗਰਮ ਜਾਂ ਬਹੁਤ ਠੰਡਾ ਮੌਸਮ ਵੀ ਬੱਚਿਆਂ ਨੂੰ ਬੇਆਰਾਮ ਕਰ ਸਕਦਾ ਹੈ। ਜੇਕਰ ਉਨ੍ਹਾਂ ਦੇ ਕੱਪੜੇ ਬਹੁਤ ਗਰਮ ਜਾਂ ਬਹੁਤ ਹਲਕੇ ਹਨ ਤਾਂ ਉਹ ਰੋ ਸਕਦੇ ਹਨ। ਇਸ ਸਥਿਤੀ ਵਿੱਚ ਉਹਨਾਂ ਨੂੰ ਆਰਾਮਦਾਇਕ ਤਾਪਮਾਨ ਵਿੱਚ ਰੱਖੋ।
ਧਿਆਨ ਜਾਂ ਪਿਆਰ ਦੀ ਲੋੜ:
ਕਈ ਵਾਰ ਬੱਚਾ ਸਿਰਫ਼ ਤੁਹਾਡੀ ਅਟੈਂਸ਼ਨ ਜਾਂ ਛੂਹ ਚਾਹੁੰਦਾ ਹੈ। ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਪਿਆਰ, ਸੁਰੱਖਿਅਤ ਦਾ ਅਹਿਸਾਸ ਕਰਵਾਇਆ ਜਾਵੇ। ਜੇਕਰ ਤੁਸੀਂ ਉਨ੍ਹਾਂ ਦੇ ਰੋਣ ‘ਤੇ ਉਨ੍ਹਾਂ ਨੂੰ ਜੱਫੀ ਪਾਉਂਦੇ ਹੋ, ਤਾਂ ਉਹ ਜਲਦੀ ਸ਼ਾਂਤ ਹੋ ਜਾਂਦੇ ਹਨ।
ਬਿਮਾਰ ਹੋਣਾ ਜਾਂ ਕੋਈ ਸਰੀਰਕ ਸਮੱਸਿਆ ਹੋਣਾ:
ਜੇਕਰ ਬੱਚਾ ਲਗਾਤਾਰ ਰੋ ਰਿਹਾ ਹੈ ਅਤੇ ਦੁੱਧ ਪੀਣ ਤੋਂ ਬਾਅਦ ਵੀ ਸ਼ਾਂਤ ਨਹੀਂ ਹੋ ਰਿਹਾ, ਤਾਂ ਇਹ ਕਿਸੇ ਬਿਮਾਰੀ ਜਾਂ ਦਰਦ ਦਾ ਸੰਕੇਤ ਹੋ ਸਕਦਾ ਹੈ। ਬੁਖਾਰ, ਕੰਨ ਵਿੱਚ ਦਰਦ, ਜਾਂ ਕਿਸੇ ਵੀ ਇਨਫੈਕਸ਼ਨ ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ।
ਧਿਆਨ ਰੱਖੋ: ਬੱਚੇ ਦੇ ਹਰ ਵਾਰ ਰੋਣ ਨੂੰ ਭੁੱਖ ਨਾਲ ਜੋੜਨਾ ਅਤੇ ਉਸ ਨੂੰ ਤੁਰੰਤ ਦੁੱਧ ਦੀ ਬੋਤਲ ਦੇ ਦੇਣਾ ਇੱਕ ਆਦਤ ਬਣ ਸਕਦੀ ਹੈ, ਜੋ ਬਾਅਦ ਵਿੱਚ ਬੱਚੇ ਦੀ ਕੁਦਰਤੀ ਭੁੱਖ ਨੂੰ ਪਛਾਣਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮਾਪਿਆਂ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਾ ਕਿਉਂ ਰੋ ਰਿਹਾ ਹੈ। ਉਸ ਨੂੰ ਸ਼ਾਂਤ ਕਰਨ ਲਈ ਵੱਖ-ਵੱਖ ਉਪਾਅ ਅਪਣਾ ਕੇ ਹੀ ਅਸਲ ਕਾਰਨ ਜਾਣਨਾ ਮੁਮਕਿਨ ਹੈ। ਇਹ ਨਾ ਸਿਰਫ਼ ਬੱਚੇ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਂਦਾ ਹੈ, ਸਗੋਂ ਮਾਪਿਆਂ ਅਤੇ ਉਸ ਵਿਚਕਾਰ ਭਾਵਨਾਤਮਕ ਬੰਧਨ ਨੂੰ ਵੀ ਡੂੰਘਾ ਕਰਦਾ ਹੈ।