ਭਾਰਤ ਦੇ ਲਪੇਟੇ ‘ਚ ਆਏ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਇਹ ਦੋ ਦੇਸ਼…’ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਕੀਤਾ ਸੀ ਵਿਰੋਧ

ਜਿੱਥੇ ਪੂਰੀ ਦੁਨੀਆ ਪਹਿਲਗਾਮ ਵਿੱਚ ਪਾਕਿਸਤਾਨ ਦੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਕਾਰਵਾਈ ਦਾ ਸਮਰਥਨ ਕਰ ਰਹੀ ਹੈ, ਉੱਥੇ ਤੁਰਕੀ ਅਤੇ ਅਜ਼ਰਬਾਈਜਾਨ ਵਰਗੇ ਦੇਸ਼ਾਂ ਨੇ ਇਸ ਵਿਰੁੱਧ ਆਵਾਜ਼ ਚੁੱਕੀ ਹੈ। ਦੋਵੇਂ ਦੇਸ਼ ਪਾਕਿਸਤਾਨ ਦਾ ਸਮਰਥਨ ਕਰਕੇ ਫਸ ਗਏ ਹਨ ਅਤੇ ਹੁਣ ਦੋਵੇਂ ਹੀ ਭਾਰਤ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ। ਤੁਰਕੀ ਅਤੇ ਅਜ਼ਰਬਾਈਜਾਨ, ਜੋ ਕਿ ਭਾਰਤ ਦੀਆਂ ਗਤੀਵਿਧੀਆਂ ਵਿੱਚ ਉਲਝੇ ਹੋਏ ਹਨ, ਨੂੰ ਪਾਕਿਸਤਾਨ ਦਾ ਸਮਰਥਨ ਕਰਨ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਦੋਵਾਂ ਦੇਸ਼ਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
ਤੁਰਕੀ ਅਤੇ ਅਜ਼ਰਬਾਈਜਾਨ ਦੇ ਸੈਰ-ਸਪਾਟਾ ਖੇਤਰ ਵਿੱਚ ਭਾਰਤ ਵੱਦਾ ਡਾ ਯੋਗਦਾਨ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿੱਚ ਭਾਰਤੀ ਸੈਲਾਨੀਆਂ ਦੀ ਗਿਣਤੀ ਵੀ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਪਰ, ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤੀ ਯਾਤਰਾ ਕੰਪਨੀਆਂ ਅਤੇ ਸੈਲਾਨੀ ਇਨ੍ਹਾਂ ਦੋਵਾਂ ਦੇਸ਼ਾਂ ਦੇ ਇਸ ਕਦਮ ਤੋਂ ਬਹੁਤ ਨਾਰਾਜ਼ ਹਨ ਅਤੇ ਵੱਡੀ ਗਿਣਤੀ ਵਿੱਚ ਬੁਕਿੰਗਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਤੋਂ ਲੱਖਾਂ ਸੈਲਾਨੀ ਤੁਰਕੀ ਅਤੇ ਅਜ਼ਰਬਾਈਜਾਨ ਆਏ ਹਨ, ਜਿਸ ਦੇ ਨਤੀਜੇ ਵਜੋਂ ਦੋਵਾਂ ਦੇਸ਼ਾਂ ਨੂੰ ਅਰਬਾਂ ਰੁਪਏ ਦੀ ਕਮਾਈ ਵੀ ਹੋਈ ਹੈ।
ਸੈਲਾਨੀਆਂ ਅਤੇ ਕੰਪਨੀਆਂ ਵਿੱਚ ਗੁੱਸਾ…
ਔਨਲਾਈਨ ਟੂਰ ਬੁਕਿੰਗ ਕੰਪਨੀ Pickyourtrail ਦੇ ਸਹਿ-ਸੰਸਥਾਪਕ ਹਰੀ ਗਣਪਤੀ ਦਾ ਕਹਿਣਾ ਹੈ ਕਿ ਅਸੀਂ ਤੁਰਕੀ ਅਤੇ ਅਜ਼ਰਬਾਈਜਾਨ ਲਈ ਸਾਰੀਆਂ ਯਾਤਰਾ ਬੁਕਿੰਗਾਂ ਬੰਦ ਕਰ ਦਿੱਤੀਆਂ ਹਨ। ਦੋਵਾਂ ਦੇਸ਼ਾਂ ਨੇ ਨਾਗਰਿਕਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਉਨ੍ਹਾਂ ਨੇ ਭਾਰਤ ਦੀਆਂ ਨੀਤੀਆਂ ਅਤੇ ਰਾਸ਼ਟਰੀ ਹਿੱਤ ਦੇ ਵਿਰੁੱਧ ਜ਼ਰੂਰ ਗੱਲ ਕੀਤੀ। ਇਸ ਲਈ ਇੱਕ ਭਾਰਤੀ ਯਾਤਰਾ ਕੰਪਨੀ ਹੋਣ ਦੇ ਨਾਤੇ, ਸਾਡੀ ਪਹਿਲੀ ਡਿਊਟੀ ਭਾਰਤੀ ਯਾਤਰੀਆਂ ਅਤੇ ਦੇਸ਼ ਨੂੰ ਲੈ ਕੇ ਹੈ।
ਦੋਵਾਂ ਦੇਸ਼ਾਂ ਦਾ ਕਰ ਦਿੱਤਾ ਬਾਈਕਾਟ…
ਟ੍ਰੈਵਲ ਪਲੇਟਫਾਰਮ EaseMyTrip ਦੇ ਸੰਸਥਾਪਕ ਅਤੇ ਚੇਅਰਮੈਨ ਨਿਸ਼ਾਂਤ ਪਿੱਟੀ ਨੇ ਇੱਕ ਵਾਰ ਫਿਰ ਭਾਰਤ ਦਾ ਪੱਖ ਲੈਂਦੇ ਹੋਏ ਯਾਤਰੀਆਂ ਨੂੰ ਤੁਰਕੀ ਅਤੇ ਅਜ਼ਰਬਾਈਜਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਅਤੇ ਤੁਰਕੀ ਅਤੇ ਅਜ਼ਰਬਾਈਜਾਨ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਨ ਕਾਰਨ, ਭਾਰਤੀ ਨਾਗਰਿਕਾਂ ਨੂੰ ਉੱਥੇ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ।
ਰਿਫੰਡ ਕਰ ਰਹੇ ਬੁਕਿੰਗ ਦੇ ਪੈਸੇ…
D2C ਟ੍ਰੈਵਲ ਟੈਕਨਾਲੋਜੀ ਫਰਮ ਦੇ ਸੀਈਓ ਅਤੇ ਸੰਸਥਾਪਕ ਗੋਵਿੰਦ ਗੌਰ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਦੋਵਾਂ ਥਾਵਾਂ ਲਈ ਬੁਕਿੰਗ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਬੁਕਿੰਗ ਕੀਤੀ ਹੈ, ਉਹ ਵੀ ਆਪਣੀ ਬੁਕਿੰਗ ਰੱਦ ਕਰਵਾ ਕੇ ਪੈਸੇ ਵਾਪਸ ਲੈ ਰਹੇ ਹਨ। ਹੁਣ ਤੱਕ, ਦੋਵਾਂ ਦੇਸ਼ਾਂ ਲਈ ਯਾਤਰਾ ਬੁਕਿੰਗਾਂ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਚੀਨ ਤੋਂ ਬਾਅਦ ਭਾਰਤ ਇਨ੍ਹਾਂ ਦੋਵਾਂ ਦੇਸ਼ਾਂ ਲਈ ਭਾਰਤ ਦੂਜਾ ਸਭ ਤੋਂ ਵੱਡਾ ਸੈਰ-ਸਪਾਟਾ ਬਾਜ਼ਾਰ ਹੈ।
ਮਾਲਦੀਵ ਨਾਲੋਂ ਜ਼ਿਆਦਾ ਹੋਵੇਗਾ ਨੁਕਸਾਨ…
ਗੋਵਿੰਦ ਗੌਰ ਦਾ ਕਹਿਣਾ ਹੈ ਕਿ ਤੁਰਕੀ ਅਤੇ ਅਜ਼ਰਬਾਈਜਾਨ ਨੂੰ ਪਿਛਲੇ ਸਾਲ ਸਮਾਨ ਸਥਿਤੀ ਵਿੱਚ ਮਾਲਦੀਵ ਨਾਲੋਂ ਵੱਧ ਨੁਕਸਾਨ ਝੱਲਣਾ ਪੈ ਸਕਦਾ ਹੈ। ਉਦੋਂ ਮਾਲਦੀਵ ਨੂੰ 2 ਬਿਲੀਅਨ ਡਾਲਰ (ਲਗਭਗ 17 ਹਜ਼ਾਰ ਕਰੋੜ ਰੁਪਏ) ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਜੇਕਰ ਅਸੀਂ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੈ ਕਿ ਪਿਛਲੇ ਸਾਲ 3.3 ਲੱਖ ਭਾਰਤੀਆਂ ਨੇ ਇਕੱਲੇ ਤੁਰਕੀ ਵਿੱਚ ਹੀ ਟੂਰਿਜ਼ਮ ਵੀਜ਼ਾ ਲਿਆ ਸੀ। ਇਹ 2023 ਵਿੱਚ 2.74 ਲੱਖ ਯਾਤਰੀਆਂ ਨਾਲੋਂ 20.7 ਪ੍ਰਤੀਸ਼ਤ ਵੱਧ ਹੈ। ਤੁਰਕੀ ਭਾਰਤੀਆਂ ਲਈ ਇੱਕ ਤੇਜ਼ੀ ਨਾਲ ਵਧ ਰਿਹਾ ਸੈਰ-ਸਪਾਟਾ ਬਾਜ਼ਾਰ ਹੈ। ਇਸੇ ਤਰ੍ਹਾਂ, ਪਿਛਲੇ ਸਾਲ ਅਜ਼ਰਬਾਈਜਾਨ ਵਿੱਚ 2.43 ਲੱਖ ਭਾਰਤੀ ਆਏ, ਜੋ ਕਿ 2023 ਦੇ ਮੁਕਾਬਲੇ 108 ਪ੍ਰਤੀਸ਼ਤ ਵੱਧ ਹੈ।
ਕੀ ਬੋਲੇ ਸੀ ਤੁਰਕੀ ਅਤੇ ਅਜ਼ਰਬਾਈਜਾਨ ?
ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ, ਤੁਰਕੀ ਅਤੇ ਅਜ਼ਰਬਾਈਜਾਨ ਦੋਵਾਂ ਨੇ ਹੀ ਫੌਜੀ ਕਾਰਵਾਈ ਦਾ ਵਿਰੋਧ ਕੀਤਾ ਸੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਭਾਰਤੀ ਕਾਰਵਾਈ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਭਾਰਤ ਨੂੰ ਫੌਜੀ ਕਾਰਵਾਈ ਦੀ ਬਜਾਏ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਨਿਰਦੋਸ਼ ਨਾਗਰਿਕਾਂ ਦਾ ਖੂਨ ਵਹਾਉਣ ਤੋਂ ਬਚਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਨੇ ਪਾਕਿਸਤਾਨ ਦਾ ਸਮਰਥਨ ਵੀ ਕੀਤਾ ਸੀ।