IPL ਤੇ PSL ‘ਚ ਸ਼ਾਮਲ ਆਪਣੇ ਖਿਡਾਰੀਆਂ ਲਈ ਕ੍ਰਿਕਟ ਆਸਟ੍ਰੇਲੀਆ ਨੂੰ ਹੋ ਰਹੀ ਚਿੰਤਾ, IND-PAK ਸਥਿਤੀ ‘ਤੇ ਦਿੱਤਾ ਵੱਡਾ ਬਿਆਨ

ਕ੍ਰਿਕਟ ਆਸਟ੍ਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਉੱਥੇ ਮੌਜੂਦ ਆਪਣੇ ਖਿਡਾਰੀਆਂ ਅਤੇ ਸਹਾਇਤਾ ਸਟਾਫ ਨਾਲ ਲਗਾਤਾਰ ਸੰਪਰਕ ਵਿੱਚ ਹੈ। ਕ੍ਰਿਕਟ ਆਸਟ੍ਰੇਲੀਆ (CA) ਦਾ ਇਹ ਬਿਆਨ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਆਇਆ ਹੈ। ਸੀਏ ਨੇ ਕਿਹਾ- ਅਸੀਂ ਪਾਕਿਸਤਾਨ ਅਤੇ ਭਾਰਤ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਇਸ ਲਈ, ਅਸੀਂ ਆਸਟ੍ਰੇਲੀਆਈ ਸਰਕਾਰ, ਪੀਸੀਬੀ, ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਅਤੇ ਸਥਾਨਕ ਅਧਿਕਾਰੀਆਂ ਤੋਂ ਨਿਯਮਤ ਸਲਾਹ ਅਤੇ ਜਾਣਕਾਰੀ ਲੈ ਰਹੇ ਹਾਂ। ਇਸ ਤੋਂ ਇਲਾਵਾ, ਅਸੀਂ ਉੱਥੇ ਆਪਣੇ ਖਿਡਾਰੀਆਂ ਅਤੇ ਸਹਾਇਤਾ ਸਟਾਫ ਨਾਲ ਲਗਾਤਾਰ ਸੰਪਰਕ ਵਿੱਚ ਹਾਂ।
ਜ਼ਿਕਰਯੋਗ ਹੈ ਕਿ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਅਤੇ ਪਾਕਿਸਤਾਨ ਸੁਪਰ ਲੀਗ ਲਗਭਗ ਇੱਕੋ ਸਮੇਂ ਆਯੋਜਿਤ ਕੀਤੇ ਜਾ ਰਹੇ ਹਨ। ਪੀਐਸਐਲ 2025 11 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ ਇਸ ਦਾ ਫਾਈਨਲ ਮੈਚ 18 ਮਈ ਨੂੰ ਖੇਡਿਆ ਜਾਵੇਗਾ। ਜਦੋਂ ਕਿ ਆਈਪੀਐਲ 22 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ ਖਿਤਾਬੀ ਮੁਕਾਬਲਾ 25 ਮਈ ਨੂੰ ਖੇਡਿਆ ਜਾਵੇਗਾ।
ਪੀਐਸਐਲ ਡਰਾਫਟ ਆਈਪੀਐਲ 2025 ਦੀ ਮੈਗਾ ਨਿਲਾਮੀ ਤੋਂ ਬਾਅਦ ਆਯੋਜਿਤ ਕੀਤਾ ਗਿਆ ਸੀ, ਤਾਂ ਜੋ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਆਈਪੀਐਲ ਨਿਲਾਮੀ ਵਿੱਚ ਵਿਕੇ ਨਹੀਂ ਸਨ। ਅਜਿਹੀ ਸਥਿਤੀ ਵਿੱਚ, ਡੇਵਿਡ ਵਾਰਨਰ, ਡੈਰਿਲ ਮਿਸ਼ੇਲ, ਜੇਸਨ ਹੋਲਡਰ, ਰਾਸੀ ਵੈਨ ਡੇਰ ਡੁਸੇਨ ਅਤੇ ਕੇਨ ਵਿਲੀਅਮਸਨ ਵਰਗੇ ਮਹਾਨ ਖਿਡਾਰੀਆਂ ਨੇ ਪੀਐਸਐਲ ਵੱਲ ਰੁਖ਼ ਕੀਤਾ। ਇਹ ਖਿਡਾਰੀ ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਬਿਨਾਂ ਵਿਕੇ ਰਹੇ। ਜੇਕਰ ਅਸੀਂ ਆਈਪੀਐਲ ਦੀ ਗੱਲ ਕਰੀਏ ਤਾਂ ਪੈਟ ਕਮਿੰਸ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ਼, ਜੋਸ਼ ਹੇਜ਼ਲਵੁੱਡ, ਮਿਸ਼ੇਲ ਮਾਰਸ਼, ਮਿਸ਼ੇਲ ਸਟਾਰਕ ਸਮੇਤ ਕਈ ਸਟਾਰ ਖਿਡਾਰੀ ਇਸ ਵਿੱਚ ਖੇਡ ਰਹੇ ਹਨ।
ਪੀਐਸਐਲ ਦੁਬਈ ਸ਼ਿਫਟ ਹੋਈ
ਪਾਕਿਸਤਾਨ ਸੁਪਰ ਲੀਗ (ਪੀਐਸਐਲ) ਹੁਣ ਆਪਣੀ ਧਰਤੀ ਛੱਡ ਕੇ ਦੁਬਈ ਪਹੁੰਚ ਗਈ ਹੈ। ਪੇਸ਼ਾਵਰ ਜ਼ਾਲਮੀ ਅਤੇ ਕਰਾਚੀ ਕਿੰਗਜ਼ ਵਿਚਕਾਰ ਵੀਰਵਾਰ ਯਾਨੀ 9 ਮਈ ਨੂੰ ਹੋਣ ਵਾਲਾ ਮੈਚ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਕਰਾਚੀ ਅਤੇ ਪੇਸ਼ਾਵਰ ਵਿਚਾਲੇ ਇਹ ਮੈਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਹੋਣਾ ਸੀ। ਜਿੱਥੇ ਕੱਲ੍ਹ ਹੀ ਭਾਰਤ ਵੱਲੋਂ ਇੱਕ ਡਰੋਨ ਹਮਲਾ ਹੋਇਆ ਸੀ। ਇਸ ਕਾਰਨ ਸਟੇਡੀਅਮ ਨੂੰ ਬਹੁਤ ਨੁਕਸਾਨ ਹੋਇਆ। ਹੁਣ ਲੀਗ ਦੇ ਬਾਕੀ ਮੈਚ ਦੁਬਈ ਵਿੱਚ ਖੇਡੇ ਜਾਣਗੇ।