ਪੈਟਰੋਲ-ਡੀਜ਼ਲ ਲਈ ਪੰਪਾਂ ਉਤੇ ਲੱਗੀ ਭੀੜ!, ਇੰਡੀਅਨ ਆਇਲ ਨੇ ਕਿਹਾ- ਡਰੋ ਨਾ, ਭੰਡਾਰ ਭਰੇ ਹਨ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਕਿਹਾ ਹੈ ਕਿ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਸਮੇਤ ਕਿਸੇ ਵੀ ਈਂਧਨ ਦੀ ਕੋਈ ਕਮੀ ਨਹੀਂ ਹੈ। ਦੇਸ਼ ਭਰ ਵਿੱਚ ਕਾਫ਼ੀ ਮਾਤਰਾ ਵਿੱਚ ਤੇਲ ਉਪਲਬਧ ਹੈ ਅਤੇ ਸਪਲਾਈ ਲਾਈਨ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਦੀਆਂ ਰਿਪੋਰਟਾਂ ਤੋਂ ਬਾਅਦ IOCL ਨੇ ਦੇਸ਼ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਹੈ।
ਇੱਕ ਐਕਸ-ਪੋਸਟ ਵਿੱਚ ਕੰਪਨੀ ਨੇ ਲਿਖਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਬੇਲੋੜਾ ਪੈਟਰੋਲ ਅਤੇ ਡੀਜ਼ਲ ਨਾ ਖਰੀਦਣ।ਇੰਡੀਅਨ ਆਇਲ ਨੇ ਸ਼ੁੱਕਰਵਾਰ ਨੂੰ ‘ਐਕਸ’ ਉਤੇ ਇੱਕ ਪੋਸਟ ਵਿੱਚ ਲਿਖਿਆ, “ਇੰਡੀਅਨ ਆਇਲ ਕੋਲ ਦੇਸ਼ ਭਰ ਵਿਚ ਕਾਫ਼ੀ ਈਂਧਨ ਉਪਲਬਧ ਹੈ ਅਤੇ ਸਾਡੀ ਸਪਲਾਈ ਲਾਈਨ ਪੂਰੀ ਤਰ੍ਹਾਂ ਸੁਚਾਰੂ ਹੈ। ਘਬਰਾ ਕੇ ਖਰੀਦਣ ਦੀ ਕੋਈ ਲੋੜ ਨਹੀਂ ਹੈ। ਸਾਡੇ ਸਾਰੇ ਆਊਟਲੇਟਾਂ ਉਤੇ ਈਂਧਨ ਅਤੇ ਐਲਪੀਜੀ ਆਸਾਨੀ ਨਾਲ ਉਪਲਬਧ ਹਨ।” ਕੰਪਨੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਬੇਲੋੜੀ ਭੀੜ ਤੋਂ ਬਚਣ ਦੀ ਅਪੀਲ ਕੀਤੀ ਤਾਂ ਜੋ ਸਪਲਾਈ ਪ੍ਰਣਾਲੀ ਬਰਕਰਾਰ ਰਹੇ ਅਤੇ ਹਰ ਕੋਈ ਬਿਨਾਂ ਕਿਸੇ ਸਮੱਸਿਆ ਦੇ ਤੇਲ ਪ੍ਰਾਪਤ ਕਰ ਸਕੇ।
ਕੁਝ ਥਾਵਾਂ ‘ਤੇ ਵਿਕਰੀ ਵਧੀ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਇੱਕ ਪੈਟਰੋਲ ਪੰਪ ਮਾਲਕ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਉਸ ਦੀ ਵਿਕਰੀ ਤਿੰਨ ਗੁਣਾ ਵਧੀ ਹੈ। ਉਸ ਨੇ ਕਿਹਾ, “ਲੋਕ ਡਰੇ ਹੋਏ ਹਨ ਅਤੇ ਰਾਸ਼ਨ ਦੇ ਨਾਲ-ਨਾਲ ਈਂਧਨ ਭੰਡਾਰ ਕਰ ਰਹੇ ਹਨ।”
ਦਰਅਸਲ, ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੇਸ਼ ਵਿੱਚ ਤਣਾਅ ਦਾ ਮਾਹੌਲ ਹੈ। ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਨੌਂ ਥਾਵਾਂ ‘ਤੇ ਅੱਤਵਾਦੀ ਕੈਂਪਾਂ ਉਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ। ਭਾਰਤ ਨੇ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ। ਉਦੋਂ ਤੋਂ ਕੰਟਰੋਲ ਰੇਖਾ (LoC) ਉਤੇ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ ਹਨ।