ਇਨ੍ਹਾਂ 5 ਚਿੱਟੀਆਂ ਚੀਜ਼ਾਂ ਨੂੰ ਡਾਈਟ ‘ਚੋਂ ਕਰੋ ਬਾਹਰ, ਕੁੱਝ ਹੀ ਦਿਨਾਂ ‘ਚ ਘੱਟ ਜਾਵੇਗਾ ਭਾਰ – News18 ਪੰਜਾਬੀ

ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਜੋ ਜ਼ਿਆਦਾਤਰ ਬਿਮਾਰੀਆਂ ਹੋ ਰਹੀਆਂ ਹਨ ਉਸ ਦਾ ਮੂਲ ਕਾਰਨ ਮੋਟਾਪਾ ਹੈ। ਮੋਟਾਪੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਮੋਟਾਪਾ ਸਰੀਰਕ ਬਦਲਾਅ ਦੇ ਨਾਲ-ਨਾਲ ਮਾਨਸਿਕ ਸਥਿਤੀ ‘ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਗੈਰ-ਸਿਹਤਮੰਦ ਡਾਈਟ, ਖ਼ਰਾਬ ਜੀਵਨ ਸ਼ੈਲੀ, ਬਹੁਤ ਜ਼ਿਆਦਾ ਕੈਲੋਰੀ ਦਾ ਸੇਵਨ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ।
ਕੀ ਤੁਸੀਂ ਜਾਣਦੇ ਹੋ ਕਿ ਆਪਣੀ ਡਾਈਟ ਵਿੱਚੋਂ ਕੁਝ ਚੀਜ਼ਾਂ ਨੂੰ ਬਾਹਰ ਰੱਖ ਕੇ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਜੇਕਰ ਤੁਸੀਂ ਆਪਣੀ ਡਾਈਟ ‘ਚੋਂ ਕੁਝ ਚਿੱਟੀਆਂ ਚੀਜ਼ਾਂ ਨੂੰ ਹਟਾ ਦਿੰਦੇ ਹੋ ਤਾਂ ਨਾ ਸਿਰਫ਼ ਤੁਹਾਡਾ ਭਾਰ ਘੱਟ ਹੋਵੇਗਾ, ਸਗੋਂ ਮੋਟਾਪੇ ਨਾਲ ਜੁੜੀਆਂ ਸਮੱਸਿਆਵਾਂ ਵੀ ਘੱਟ ਹੋਣਗੀਆਂ। ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਤੋਂ ਦੂਰ ਰਹਿ ਸਕਦੇ ਹੋ। ਇਨ੍ਹਾਂ ਚਿੱਟੀਆਂ ਚੀਜ਼ਾਂ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਅਤੇ ਸਰੀਰ ਵਿੱਚ ਚਰਬੀ ਜਮ੍ਹਾ ਹੋਣ ਦਾ ਕਾਰਨ ਬਣਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ…
ਭਾਰ ਘਟਾਉਣ ਲਈ ਤੁਹਾਨੂੰ ਕਿਹੜੀਆਂ ਇਨ੍ਹਾਂ ਚਿੱਟੀਆਂ ਚੀਜ਼ਾਂ ਖਾਣਾ ਬੰਦ ਕਰਨਾ ਚਾਹੀਦਾ ਹੈ, ਆਓ ਜਾਣਦੇ ਹਾਂ:
ਚਿੱਟੇ ਚੌਲ
ਚਿੱਟੇ ਚੌਲ ਭਾਰ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ। ਚਿੱਟੇ ਚੌਲਾਂ ਵਿੱਚ ਫਾਈਬਰ ਦੀ ਕਮੀ ਹੁੰਦੀ ਹੈ ਅਤੇ ਇਹ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਵਧਾਉਂਦਾ ਹੈ, ਜਿਸ ਨਾਲ ਭਾਰ ਵਧਦਾ ਹੈ। ਇਸ ਦੇ ਮੁਕਾਬਲੇ ਬ੍ਰਾਊਨ ਰਾਈਸ ਜਾਂ ਹੋਰ ਸਾਬਤ ਅਨਾਜਾਂ ਦਾ ਸੇਵਨ ਕਰਨਾ ਬਿਹਤਰ ਹੁੰਦਾ ਹੈ, ਕਿਉਂਕਿ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।
ਚਿੱਟਾ ਲੂਣ
ਆਮ ਚਿੱਟੇ ਨਮਕ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਅਤੇ ਇੰਫਲਾਮੇਸ਼ਨ ਹੋ ਸਕਦੀ ਹੈ, ਜਿਸ ਨਾਲ ਭਾਰ ਵਧ ਸਕਦਾ ਹੈ। ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ ਵਿਚ ਵਾਧੂ ਸੋਡੀਅਮ ਪੈਦਾ ਹੁੰਦਾ ਹੈ, ਜਿਸ ਨਾਲ ਕਿਡਨੀ ‘ਤੇ ਦਬਾਅ ਵਧਦਾ ਹੈ ਅਤੇ ਸਰੀਰ ਵਿਚ ਵਾਧੂ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸ ਨਾਲ ਭਾਰ ਵਧ ਸਕਦਾ ਹੈ ਅਤੇ ਸਰੀਰ ਵਿੱਚ ਸੋਜ ਵੀ ਆ ਸਕਦੀ ਹੈ।
ਪ੍ਰੋਸੈਸਡ ਡੇਅਰੀ ਉਤਪਾਦ
ਆਮ ਦੁੱਧ ਅਤੇ ਪ੍ਰੋਸੈਸਡ ਡੇਅਰੀ ਉਤਪਾਦ ਜਿਵੇਂ ਕਿ ਪਨੀਰ ਅਤੇ ਮੱਖਣ ਵਿੱਚ ਚਰਬੀ ਅਤੇ ਕੈਲੋਰੀ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ ਚੀਜ਼ਾਂ ਦੀ ਬਜਾਏ ਘੱਟ ਚਰਬੀ ਵਾਲਾ ਜਾਂ ਫੈਟ ਫ੍ਰੀ ਦੁੱਧ ਅਤੇ ਦਹੀਂ ਦਾ ਸੇਵਨ ਕਰੋ। ਇਹ ਨਾ ਸਿਰਫ਼ ਭਾਰ ਘਟਾਉਣ ਵਿੱਚ ਮਦਦ ਕਰਨਗੇ, ਸਗੋਂ ਪੇਟ ਦੀ ਸਿਹਤ ਵਿੱਚ ਵੀ ਸੁਧਾਰ ਕਰਨਗੇ।
ਚੀਨੀ
ਘਰਾਂ ਵਿੱਚ ਆਮ ਵਰਤੀ ਜਾਣ ਵਾਲੀ ਚਿੱਟੀ ਖੰਡ ਨੂੰ ਮਿਠਾਈਆਂ, ਚਾਹ ਜਾਂ ਹੋਰ ਚੀਜ਼ਾਂ ਵਿਚ ਵਰਤਿਆ ਜਾਂਦਾ ਹੈ। ਇਹ ਚਿੱਟੀ ਖੰਡ ਭਾਰ ਵਧਣ ਦਾ ਮੁੱਖ ਕਾਰਨ ਬਣ ਸਕਦੀ ਹੈ। ਖੰਡ ਵਿੱਚ ਕੈਲੋਰੀ ਬਹੁਤ ਹੁੰਦੀ ਹੈ, ਪਰ ਇਸ ਵਿੱਚ ਘੱਟ ਪੌਸ਼ਟਿਕ ਤੱਤ ਹੁੰਦੇ ਹਨ। ਜ਼ਿਆਦਾ ਖੰਡ ਦਾ ਸੇਵਨ ਸਰੀਰ ਵਿੱਚ ਇਨਸੁਲਿਨ ਨੂੰ ਵਧਾਉਂਦਾ ਹੈ, ਜੋ ਚਰਬੀ ਦੀ ਸਟੋਰੇਜ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣੀ ਖੁਰਾਕ ਤੋਂ ਚੀਨੀ ਨੂੰ ਹਟਾ ਦਿੰਦੇ ਹੋ, ਤਾਂ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ।
ਰਿਫਾਇੰਡ ਆਟਾ ਜਾਂ ਮੈਦਾ
ਮੈਦਾ ਤੋਂ ਬਣੀਆਂ ਚੀਜ਼ਾਂ ਜਿਵੇਂ ਮਿਠਾਈਆਂ, ਸਫ਼ੈਦ ਬਰੈੱਡ, ਸਮੋਸਾ, ਬਰਗਰ ਆਦਿ ਵਜ਼ਨ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਮੈਦੇ ਵਿੱਚ ਫਾਈਬਰ ਦੀ ਕਮੀ ਹੁੰਦੀ ਹੈ ਅਤੇ ਇਹ ਸਰੀਰ ਵਿੱਚ ਜਲਦੀ ਸ਼ੂਗਰ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦੀ ਬਜਾਏ ਕਣਕ ਦਾ ਆਟਾ, ਬਾਜਰਾ, ਜਵਾਰ ਆਦਿ ਦਾ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਭਾਰ ਘਟਾਉਣ ਲਈ ਤੁਸੀਂ ਹੇਠ ਲਿੱਖੇ ਟਿਪਸ ਅਪਣਾ ਸਕਦੇ ਹੋ:
ਜ਼ਿਆਦਾ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਦਿਨ ਭਰ ਸਹੀ ਮਾਤਰਾ ਵਿੱਚ ਪਾਣੀ ਪੀਣ ਦੀ ਆਦਤ ਬਣਾਓ। ਆਪਣੀ ਖੁਰਾਕ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ, ਪ੍ਰੋਟੀਨ ਅਤੇ ਸਿਹਤਮੰਦ ਚਰਬੀ ਸ਼ਾਮਲ ਕਰੋ। ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਘੱਟੋ-ਘੱਟ 30 ਮਿੰਟ ਦੀ ਸਰੀਰਕ ਐਕਟੀਵਿਟੀ ਜਿਵੇਂ ਕਿ ਸੈਰ, ਜੌਗਿੰਗ, ਯੋਗਾ ਕਰੋ। ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਭਾਰ ਘੱਟ ਹੁੰਦਾ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)