ਰੇਮੋ ਡਿਸੂਜ਼ਾ ਤੇ ਪਤਨੀ ਲੀਜ਼ਲ ਖਿਲਾਫ 11.96 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ

ਮਸ਼ਹੂਰ ਡਾਂਸ ਕੋਰੀਓਗ੍ਰਾਫਰ-ਨਿਰਦੇਸ਼ਕ (Popular dance choreographer-director) ਰੇਮੋ ਡਿਸੂਜ਼ਾ (Remo D’Souza) ਅਤੇ ਉਨ੍ਹਾਂ ਦੀ ਪਤਨੀ ਲਿਜ਼ੇਲ ਡਿਸੂਜ਼ਾ (Lizelle D’Souza) ਧੋਖਾਧੜੀ ਦੇ ਮਾਮਲੇ ‘ਚ ਫਸ ਗਏ ਹਨ। ਉਨ੍ਹਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਇੱਕ ਡਾਂਸ ਟਰੂਪ ਨੇ ਰੇਮੋ, ਉਨ੍ਹਾਂ ਦੀ ਪਤਨੀ ਅਤੇ ਪੰਜ ਹੋਰ ਲੋਕਾਂ ਦੇ ਖਿਲਾਫ 11.96 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਰੇਮੋ, ਉਨ੍ਹਾਂ ਦੀ ਪਤਨੀ ਲੀਜ਼ਲ ਅਤੇ ਪੰਜ ਹੋਰਾਂ ਖਿਲਾਫ 16 ਅਕਤੂਬਰ ਨੂੰ ਮਹਾਰਾਸ਼ਟਰ ਦੇ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਦੀ ਜਾਣਕਾਰੀ 19 ਅਕਤੂਬਰ ਨੂੰ ਦਿੱਤੀ ਸੀ। ਇੱਕ 26 ਸਾਲਾ ਡਾਂਸਰ ਨੇ ਮੀਰਾ ਰੋਡ ਪੁਲਿਸ ਸਟੇਸ਼ਨ ਵਿੱਚ ਉਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।
FIR ਅਨੁਸਾਰ, ਜਿਸ ਵਿਅਕਤੀ ਨੇ ਰੇਮੋ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਉਸ ਨਾਲ 2018 ਤੋਂ 2024 ਤੱਕ ਕਥਿਤ ਤੌਰ ‘ਤੇ ਧੋਖਾਧੜੀ ਕੀਤੀ ਗਈ ਸੀ। ਇਹ ਵੀ ਦੱਸਿਆ ਗਿਆ ਸੀ ਕਿ ਗਰੁੱਪ ਨੇ ਇੱਕ ਟੀਵੀ ਡਾਂਸ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ ਸੀ ਅਤੇ ਜਿੱਤਿਆ ਵੀ ਸੀ। ਹਾਲਾਂਕਿ, ਦੋਸ਼ ਹੈ ਕਿ ਰੇਮੋ ਸਮੇਤ ਇਨ੍ਹਾਂ ਲੋਕਾਂ ਨੇ ਉਸ ਗਰੁੱਪ ਨੂੰ ਆਪਣੇ ਤੌਰ ‘ਤੇ ਪੇਸ਼ ਕੀਤਾ ਸੀ, ਪਰ ਜਦੋਂ ਉਹ ਗਰੁੱਪ ਜਿੱਤ ਗਿਆ ਅਤੇ ਨਕਦ ਇਨਾਮ ਹਾਸਲ ਕੀਤਾ, ਤਾਂ ਉਨ੍ਹਾਂ ਤੋਂ 11.96 ਕਰੋੜ ਰੁਪਏ ਗਬਨ ਕਰ ਲਏ ਗਏ।
ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਮੋ ਦਾ ਨਾਂ ਇਸ ਤਰ੍ਹਾਂ ਦੇ ਵਿਵਾਦਾਂ ਨਾਲ ਜੁੜਿਆ ਹੋਵੇ। ਕਰੀਬ 8 ਸਾਲ ਪਹਿਲਾਂ ਵੀ ਉਨ੍ਹਾਂ ਖਿਲਾਫ 5 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਫਿਲਮ ਬਣਾਉਣ ਦੇ ਨਾਂ ‘ਤੇ ਉਸ ਤੋਂ 5 ਕਰੋੜ ਰੁਪਏ ਲਏ ਗਏ ਸਨ ਅਤੇ ਉਸ ਨੂੰ 10 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ ਪੈਸੇ ਵਾਪਸ ਨਹੀਂ ਮਿਲੇ। ਇਸ ਮਾਮਲੇ ਦੀ ਸੁਣਵਾਈ ਅਗਸਤ 2024 ਵਿੱਚ ਇਲਾਹਾਬਾਦ ਹਾਈ ਕੋਰਟ ਵਿੱਚ ਹੋਈ ਸੀ। ਅਦਾਲਤ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ‘ਚ ਰੇਮੋ ਨੇ ਰਾਹਤ ਦੀ ਮੰਗ ਕੀਤੀ ਸੀ।