5 ਨੌਜਵਾਨ ਸਿਤਾਰੇ IPL ਅਤੇ ਭਾਰਤੀ ਕ੍ਰਿਕਟ ‘ਤੇ ਕਰਨ ਵਾਲੇ ਹਨ ਰਾਜ, ਉਮਰ 23 ਸਾਲ ਤੋਂ ਵੀ ਘੱਟ

ਜਦੋਂ ਚੇਨਈ ਸੁਪਰ ਕਿੰਗਜ਼ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਜਿੱਤ ਲਈ 18 ਗੇਂਦਾਂ ਵਿੱਚ 35 ਦੌੜਾਂ ਦੀ ਲੋੜ ਸੀ ਤਾਂ ਐਮਐਸ ਧੋਨੀ ਅਤੇ ਰਵਿੰਦਰ ਜਡੇਜਾ ਇੱਕ-ਇੱਕ ਦੌੜ ਚੋਰੀ ਕਰ ਰਹੇ ਸਨ ਅਤੇ ਸਟ੍ਰਾਈਕ ਬਦਲ ਰਹੇ ਸਨ। ਨਤੀਜੇ ਵਜੋਂ ਚੇਨਈ ਇੱਕ ਹੋਰ ‘ਜਿੱਤਿਆ’ ਮੈਚ ਹਾਰ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 43 ਸਾਲਾ ਧੋਨੀ ਅਤੇ 36 ਸਾਲਾ ਜਡੇਜਾ ਨੂੰ ਖਲਨਾਇਕ ਵਜੋਂ ਦੇਖਿਆ ਗਿਆ ਸੀ। ਮੈਚ ਤੋਂ ਬਾਅਦ ਧੋਨੀ ਨੇ ਵੀ ਹਾਰ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ।ਇਹ ਸਿਰਫ਼ ਇੱਕ ਮੈਚ ਬਾਰੇ ਨਹੀਂ ਹੈ। ਆਈਪੀਐਲ 2025 ਵਿੱਚ ਇਹ ਵਾਰ-ਵਾਰ ਦੇਖਿਆ ਗਿਆ ਹੈ ਕਿ 35-40 ਸਾਲ ਦੀ ਉਮਰ ਦੇ ਖਿਡਾਰੀ ਹੁਣ ਉਹ ਖੇਡ ਨਹੀਂ ਦਿਖਾ ਪਾ ਰਹੇ ਜਿਸ ਲਈ ਕ੍ਰਿਕਟ ਪ੍ਰਸ਼ੰਸਕ ਦੀਵਾਨੇ ਹਨ।
ਦੂਜੇ ਪਾਸੇ 14 ਸਾਲਾ ਵੈਭਵ ਸੂਰਿਆਵੰਸ਼ੀ ਅਤੇ 17 ਸਾਲਾ ਆਯੁਸ਼ ਮਹਾਤਰੇ ਨੇ ਆਪਣੀ ਖੇਡ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਆਓ ਅਸੀਂ ਤੁਹਾਨੂੰ 5 ਅਜਿਹੇ ਖਿਡਾਰੀਆਂ ਬਾਰੇ ਦੱਸਦੇ ਹਾਂ ਜੋ 23 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਆਪਣੀ ਟੀਮ ਲਈ ਬਹੁਤ ਮਹੱਤਵਪੂਰਨ ਬਣ ਗਏ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਰਾਜ ਕਰਨ ਜਾ ਰਹੇ ਹਨ।
ਚਮਕ ਰਿਹੈ ਵੈਭਵ ਸੂਰਿਆਵੰਸ਼ੀ ਦਾ ਸੂਰਜ
ਜਦੋਂ ਰਾਜਸਥਾਨ ਰਾਇਲਜ਼ ਨੇ 13 ਸਾਲਾ ਵੈਭਵ ਸੂਰਿਆਵੰਸ਼ੀ ‘ਤੇ 1.10 ਕਰੋੜ ਰੁਪਏ ਦਾ ਦਾਅ ਲਗਾਇਆ ਤਾਂ ਬਹੁਤ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਲੱਗਾ ਕਿ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਫੈਸਲਾ ਲਿਆ ਹੈ। 13 ਸਾਲ ਦਾ ਕ੍ਰਿਕਟਰ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਿਵੇਂ ਕਰੇਗਾ? ਪਰ ਅਸੀਂ ਸਾਰਿਆਂ ਨੇ ਦੇਖਿਆ ਕਿ ਵੈਭਵ ਨੇ ਗੇਂਦਬਾਜ਼ਾਂ ਦੀ ਕਿਵੇਂ ਖਿੱਲੀ ਉਡਾਈ। ਵੈਭਵ ਸੂਰਿਆਵੰਸ਼ੀ ਜੋ ਹੁਣੇ 14 ਸਾਲ ਦੇ ਹੋਏ ਹਨ, ਨੇ 39 ਗੇਂਦਾਂ ਵਿੱਚ ਸੈਂਕੜਾ ਲਗਾਇਆ। ਉਹ ਆਈਪੀਐਲ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਜਿਸ ਤਰੀਕੇ ਨਾਲ ਉਸਨੇ ਪਰਿਪੱਕਤਾ ਦਿਖਾਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਅਗਲੇ ਕੁਝ ਸਾਲਾਂ ਲਈ ਆਈਪੀਐਲ ‘ਤੇ ਰਾਜ ਕਰੇਗਾ।
ਚੇਨਈ ਸੁਪਰ ਕਿੰਗਜ਼ ਦਾ ਭਵਿੱਖ ਹੈ ਆਯੁਸ਼ ਮਹਾਤਰੇ
ਇਹ ਇੱਕ ਇਤਫ਼ਾਕ ਹੈ ਕਿ 2024 ਵਿੱਚ ਭਾਰਤੀ ਅੰਡਰ-19 ਟੀਮ ਵਿੱਚ ਓਪਨਿੰਗ ਜੋੜੀ ਵਜੋਂ ਖੇਡਣ ਵਾਲੇ ਦੋਵੇਂ ਬੱਲੇਬਾਜ਼ ਹੁਣ ਆਈਪੀਐਲ ਵਿੱਚ ਧੂਮ ਮਚਾ ਰਹੇ ਹਨ। ਜੇਕਰ ਵੈਭਵ ਸੂਰਿਆਵੰਸ਼ੀ ਰਾਜਸਥਾਨ ਰਾਇਲਜ਼ ਦਾ ਚਮਕਦਾ ਸਿਤਾਰਾ ਹੈ ਤਾਂ ਆਯੂਸ਼ ਮਹਾਤਰੇ ਚੇਨਈ ਸੁਪਰ ਕਿੰਗਜ਼ ਦਾ ਭਵਿੱਖ ਹੈ। 17 ਸਾਲਾ ਆਯੁਸ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ 94 ਦੌੜਾਂ ਦੀ ਪਾਰੀ ਖੇਡ ਕੇ ਦਿਖਾਇਆ ਹੈ ਕਿ ਉਸ ਵਿੱਚ ਕਿੰਨੀ ਸਮਰੱਥਾ ਹੈ। ਹੁਣ ਇਹ ਚੇਨਈ ਸੁਪਰ ਕਿੰਗਜ਼ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਸਟਾਰ ਖਿਡਾਰੀ ਨੂੰ ਕਿਵੇਂ ਸੰਭਾਲਦੇ ਹਨ।
ਪ੍ਰਿਯਾਂਸ਼ ਆਰੀਆ ਦਾ DPL ਤੋਂ IPL ਤੱਕ ਦਾ ਸ਼ਾਨਦਾਰ ਸਫ਼ਰ
23 ਸਾਲਾ ਪ੍ਰਿਯਾਂਸ਼ ਆਰੀਆ ਨੂੰ ਆਈਪੀਐਲ 2025 ਦੀ ਖੋਜ ਵੀ ਮੰਨਿਆ ਜਾਂਦਾ ਹੈ। ਇਸ ਖਿਡਾਰੀ ਨੇ ਪਹਿਲੀ ਵਾਰ ਦਿੱਲੀ ਪ੍ਰੀਮੀਅਰ ਲੀਗ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਲਗਾ ਕੇ ਧਿਆਨ ਖਿੱਚਿਆ ਸੀ। ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਉਸਨੇ ਪੰਜਾਬ ਕਿੰਗਜ਼ ਟੀਮ ਵਿੱਚ ਜਗ੍ਹਾ ਬਣਾਈ। ਪੰਜਾਬ ਕਿੰਗਜ਼ ਨੇ ਨਿਲਾਮੀ ਵਿੱਚ ਪ੍ਰਿਯਾਂਸ਼ ‘ਤੇ ਬੋਲੀ ਲਗਾਈ ਅਤੇ ਇਹ ਖਿਡਾਰੀ ਉਸ ਭਰੋਸੇ ‘ਤੇ ਖਰਾ ਉਤਰਿਆ। ਪ੍ਰਿਯਾਂਸ਼ ਆਰੀਆ ਨੇ ਆਈਪੀਐਲ 2025 ਵਿੱਚ 346 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ।
ਸੁਯਸ਼ ਸ਼ਰਮਾ ਦੀ ਸਪਿਨ ਵਿੱਚ ਉਲਝੇ MS ਧੋਨੀ
22 ਸਾਲਾ ਸੁਯਸ਼ ਸ਼ਰਮਾ ਆਈਪੀਐਲ 2025 ਵਿੱਚ ਆਪਣੇ ਲੈੱਗ-ਸਪਿਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸੀਐਸਕੇ ਬਨਾਮ ਆਰਸੀਬੀ ਮੈਚ ਵਿੱਚ, ਸੁਯਸ਼ ਨੇ 18ਵੇਂ ਓਵਰ ਵਿੱਚ ਸਿਰਫ਼ 6 ਦੌੜਾਂ ਦਿੱਤੀਆਂ, ਉਹ ਵੀ ਉਦੋਂ ਜਦੋਂ ਐਮਐਸ ਧੋਨੀ ਅਤੇ ਰਵਿੰਦਰ ਜਡੇਜਾ ਕ੍ਰੀਜ਼ ‘ਤੇ ਸਨ। ਇਹ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ ਅਤੇ ਸੀਐਸਕੇ 2 ਦੌੜਾਂ ਨਾਲ ਮੈਚ ਹਾਰ ਗਿਆ। ਪਰ ਇਹ ਇਕਲੌਤਾ ਮੈਚ ਨਹੀਂ ਹੈ ਜਿਸ ਵਿੱਚ ਸੁਯਸ਼ ਸ਼ਰਮਾ ਨੇ ਆਰਸੀਬੀ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਈ ਅਜਿਹੇ ਮੈਚ ਹੁੰਦੇ ਹਨ ਜਦੋਂ ਇਸ ਖਿਡਾਰੀ ਨੇ ਵਿਚਕਾਰਲੇ ਓਵਰਾਂ ਵਿੱਚ ਵਿਰੋਧੀ ਟੀਮ ‘ਤੇ ਦਬਾਅ ਬਣਾਇਆ ਅਤੇ ਇਸਦਾ ਫਾਇਦਾ ਉਠਾਉਂਦੇ ਹੋਏ, ਆਰਸੀਬੀ ਨੇ ਮੈਚ ਜਿੱਤ ਲਿਆ।
ਅਨਿਕੇਤ ਵਰਮਾ ਮਾਰ ਰਿਹੈ ਲੰਬੇ ਛੱਕੇ
23 ਸਾਲਾ ਅਨਿਕੇਤ ਵਰਮਾ ਨੂੰ ਇਸ ਸੀਜ਼ਨ ਦੀ ਖੋਜ ਵੀ ਕਿਹਾ ਜਾ ਰਿਹਾ ਹੈ। ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਖਿਡਾਰੀ ‘ਤੇ ਬੋਲੀ ਲਗਾਈ ਸੀ, ਤਾਂ ਇਹ ਨਾਮ ਕ੍ਰਿਕਟ ਜਗਤ ਲਈ ਲਗਭਗ ਅਣਜਾਣ ਸੀ।ਮੱਧ ਪ੍ਰਦੇਸ਼ ਟੀ-20 ਲੀਗ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਇਸ ਖਿਡਾਰੀ ਨੇ ਆਈਪੀਐਲ 2025 ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਹੇਠਲੇ-ਮੱਧ ਕ੍ਰਮ ਵਿੱਚ ਖੇਡਣ ਵਾਲੇ ਇਸ ਖਿਡਾਰੀ ਨੇ 10 ਮੈਚਾਂ ਵਿੱਚ 193 ਦੌੜਾਂ ਬਣਾਈਆਂ ਹਨ। ਅਨਿਕੇਤ ਵਰਮਾ ਦੀ ਵਿਸ਼ੇਸ਼ਤਾ ਵੱਡੇ ਸ਼ਾਟ ਖੇਡਣਾ ਹੈ। ਉਸਨੇ ਆਈਪੀਐਲ 2025 ਵਿੱਚ 16 ਛੱਕੇ ਮਾਰੇ ਹਨ।
ਸ਼ਾਨਦਾਰ ਫਾਰਮ ਵਿੱਚ ਵਿਰਾਟ ਕੋਹਲੀ
ਅਜਿਹਾ ਨਹੀਂ ਹੈ ਕਿ 35 ਸਾਲ ਤੋਂ ਵੱਧ ਉਮਰ ਦੇ ਸਾਰੇ ਖਿਡਾਰੀ ਆਪਣੀ ਚਮਕ ਗੁਆ ਰਹੇ ਹਨ। 36 ਸਾਲਾ ਵਿਰਾਟ ਕੋਹਲੀ ਦੀ ਸ਼ਾਨਦਾਰ ਫਾਰਮ ਨੇ ਆਰਸੀਬੀ ਨੂੰ ਪਲੇਆਫ ਦੇ ਨੇੜੇ ਪਹੁੰਚਾ ਦਿੱਤਾ ਹੈ। ਕਿੰਗ ਕੋਹਲੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾ ਕੇ ਔਰੇਂਜ ਕੈਪ ਆਪਣੇ ਕੋਲ ਰੱਖ ਰਹੇ ਹਨ। 38 ਸਾਲਾ ਰੋਹਿਤ ਸ਼ਰਮਾ ਵੀ ਸਮੇਂ ਸਿਰ ਫਾਰਮ ਵਿੱਚ ਵਾਪਸ ਆ ਗਿਆ ਹੈ। ਇਹ ਦੋਵੇਂ ਕ੍ਰਿਕਟਰ ਆਈਪੀਐਲ 2025 ਵਿੱਚ ਦਬਦਬਾ ਬਣਾ ਰਹੇ ਹਨ ਪਰ ਭਵਿੱਖ ਕੋਈ ਨਹੀਂ ਜਾਣਦਾ। ਖਾਸ ਕਰਕੇ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ ਵਿੱਚ ਇਕਸਾਰਤਾ ਦੀ ਘਾਟ ਰਹੀ ਹੈ ਅਤੇ ਉਸਦੀ ਫਿਟਨੈਸ ਵੀ ਸ਼ੱਕੀ ਰਹੀ ਹੈ। ਕੋਹਲੀ ਦੀ ਫਿਟਨੈਸ ਅਜੇ ਵੀ 25 ਸਾਲ ਦੇ ਖਿਡਾਰੀ ਨੂੰ ਮਾਤ ਦਿੰਦੀ ਹੈ ਅਤੇ ਉਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਰੋਹਿਤ ਤੋਂ ਬਾਅਦ ਵੀ ਖੇਡਦਾ ਦੇਖਿਆ ਜਾ ਸਕਦਾ ਹੈ।