ਚੀਨ ਦੇ ਰੈਸਟੋਰੈਂਟ ਵਿੱਚ ਲੱਗੀ ਭਿਆਨਕ ਅੱਗ, 22 ਲੋਕ ਜ਼ਿੰਦਾ ਸੜ ਗਏ; ਕਈ ਜ਼ਖਮੀ

ਉੱਤਰੀ ਚੀਨ ਦੇ ਸ਼ਹਿਰ ਲਿਆਓਨਿੰਗ ਦੇ ਇੱਕ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਸ ਅੱਗ ਵਿੱਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੁਪਹਿਰ ਵੇਲੇ ਲੱਗੀ ਇਸ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਦੋ ਜਾਂ ਤਿੰਨ ਮੰਜ਼ਿਲਾ ਇਮਾਰਤ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਵਿੱਚੋਂ ਵੱਡੀਆਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ। ਹਾਲਾਂਕਿ, ਹਾਦਸੇ ਬਾਰੇ ਹੋਰ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਅੱਗ ਦੁਪਹਿਰ 12:25 ਵਜੇ ਲੱਗੀ। ਜਿਸ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਖਮੀਆਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ।
ਅੱਗ ਬਹੁਤ ਭਿਆਨਕ ਸੀ
ਅੱਗ ਇੰਨੀ ਭਿਆਨਕ ਸੀ ਕਿ ਖਿੜਕੀਆਂ ਅਤੇ ਦਰਵਾਜ਼ਿਆਂ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਚੀਨ ਦੇ ਬਹੁਤ ਸਾਰੇ ਰੈਸਟੋਰੈਂਟਾਂ ਵਿੱਚ ਖੁੱਲ੍ਹੀ ਅੱਗ ਉੱਤੇ ਖਾਣਾ ਪਕਾਉਣ ‘ਤੇ ਅੱਗ ਲੱਗਣ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਹ ਹਾਦਸਾ ਚੀਨ ਦੇ “ਰਸਟ ਬੈਲਟ” ਖੇਤਰ ਦੇ ਹਿੱਸੇ, ਲਿਆਓਨਿੰਗ ਸੂਬੇ ਵਿੱਚ ਵਾਪਰਿਆ।
ਇਹ ਇਸ ਮਹੀਨੇ ਚੀਨ ਵਿੱਚ ਅੱਗ ਲੱਗਣ ਦੀ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਉੱਤਰੀ ਚੀਨ ਦੇ ਹੇਬੇਈ ਸੂਬੇ ਵਿੱਚ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ 20 ਬਜ਼ੁਰਗਾਂ ਦੀ ਮੌਤ ਹੋ ਗਈ ਸੀ। ਜਦੋਂ ਅੱਗ ਲੱਗੀ ਤਾਂ ਚੇਂਗਦੇ ਸ਼ਹਿਰ ਦੇ ਲੋਂਗਹੁਆ ਕਾਉਂਟੀ ਦੇ ਨਰਸਿੰਗ ਹੋਮ ਵਿੱਚ ਕੁੱਲ 39 ਬਜ਼ੁਰਗ ਸਨ।