ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਏ ਫਰਜ਼ੀ ਟੀਜ਼ਰ ‘ਤੇ ਮਚਿਆ ਬਵਾਲ, ਵਾਇਰਲ ਹੋਣ ਤੋਂ ਬਾਅਦ ਐਕਟਰ ਦੀ ਟੀਮ ਨੇ ਦਿੱਤੀ ਸਫ਼ਾਈ….

ਸੋਸ਼ਲ ਮੀਡੀਆ ‘ਤੇ ਉਦੋਂ ਹੰਗਾਮਾ ਮਚ ਗਿਆ ਜਦੋਂ ਹਾਲ ਹੀ ‘ਚ ਇੱਕ ਯੂਟਿਊਬ ਚੈਨਲ ‘ਤੇ ਗੁਰੂ ਨਾਨਕ ਦੇਵ ਜੀ ਦੀ ਬਾਇਓਪਿਕ ਦਾ ਇੱਕ ਟੀਜ਼ਰ ਸਾਂਝਾ ਕੀਤਾ ਗਿਆ। ਇਸ ਵਿੱਚ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਹਾਲਾਂਕਿ, ਇਹ ਵੀਡੀਓ ਨਕਲੀ ਸੀ ਅਤੇ ਏਆਈ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਪਰ ਇਹ ਦੇਖ ਕੇ ਲੋਕਾਂ ਨੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਹੁਣ ਅਦਾਕਾਰ ਆਮਿਰ ਖਾਨ ਨੇ ਇਸ ਨਕਲੀ ਟੀਜ਼ਰ ‘ਤੇ ਆਪਣੀ ਸਫਾਈ ਦਿੱਤੀ ਹੈ।
ਆਮਿਰ ਖਾਨ ਨੇ ਦਿੱਤੀ ਸਫ਼ਾਈ…
ਫੇਕ ਟੀਜ਼ਰ ਵਿੱਚ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ, “ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਿਖਣ ਵਾਲਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਅਤੇ AI ਦੁਆਰਾ ਬਣਾਇਆ ਗਿਆ ਹੈ। ਆਮਿਰ ਖਾਨ ਦਾ ਅਜਿਹੇ ਕਿਸੇ ਵੀ ਪ੍ਰੋਜੈਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਅਪਮਾਨਜਨਕ ਕੰਮ ਦਾ ਹਿੱਸਾ ਨਹੀਂ ਬਣ ਸਕਦੇ। ਕਿਰਪਾ ਕਰਕੇ ਅਜਿਹੀਆਂ ਝੂਠੀਆਂ ਖ਼ਬਰਾਂ ਵੱਲ ਧਿਆਨ ਨਾ ਦਿਓ।
ਤੁਹਾਨੂੰ ਦੱਸ ਦੇਈਏ ਕਿ ਫੇਕ ਟੀਜ਼ਰ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਨੂੰ ਟੀ-ਸੀਰੀਜ਼ ਪ੍ਰੋਡਿਊਸ ਕਰ ਰਹੀ ਹੈ, ਜਦੋਂ ਕਿ ਇਸ ਨੂੰ ਜਿਸ ਯੂਟਿਊਬ ਚੈਨਲ ਨੇ ਪੋਸਟ ਕੀਤਾ ਹੈ, ਉਸਦਾ ਟੀ-ਸੀਰੀਜ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਟੀਜ਼ਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਗਿਆ ਅਤੇ ਇਸ ਕਾਰਨ ਵਿਵਾਦ ਵਧਦਾ ਗਿਆ।