ਪਾਕਿਸਤਾਨ ‘ਚ 600 ਫੌਜੀ ਅਫ਼ਸਰਾਂ ਨੇ ਦਿੱਤਾ ਅਸਤੀਫ਼ਾ, ਭਾਰਤ-ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਵਧਦੇ ਤਣਾਅ ਕਾਰਨ…

ਇਸਲਾਮਾਬਾਦ: ਪਾਕਿਸਤਾਨੀ ਫੌਜ ਵਿੱਚ ਵੱਡੇ ਪੱਧਰ ‘ਤੇ ਬਗਾਵਤ ਦੀ ਸਥਿਤੀ ਪੈਦਾ ਹੋ ਗਈ ਹੈ। ਫੌਜੀ ਕਮਾਂਡਰਾਂ ਦੇ ਵਾਰ-ਵਾਰ ਬਦਲਦੇ ਹੁਕਮਾਂ, ਮਾਨਸਿਕ ਥਕਾਵਟ ਅਤੇ ਪਰਿਵਾਰਕ ਦਬਾਅ ਦੇ ਕਾਰਨ, 100 ਤੋਂ ਵੱਧ ਫੌਜੀ ਅਧਿਕਾਰੀਆਂ ਅਤੇ 500 ਤੋਂ ਵੱਧ ਸੈਨਿਕਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਸਮੂਹਿਕ ਅਸਤੀਫ਼ੇ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਡੂੰਘੇ ਸੰਕਟ ਵਿੱਚ ਪਾ ਦਿੱਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਸੰਭਾਲ ਰਹੀ 11ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਮਰ ਅਹਿਮਦ ਬੁਖਾਰੀ ਨੇ ਫੌਜ ਹੈੱਡਕੁਆਰਟਰ ਨੂੰ ਇੱਕ ਪੱਤਰ ਲਿਖ ਕੇ ਇਸ ਸਥਿਤੀ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਵਧਦੇ ਤਣਾਅ ਕਾਰਨ ਪਾਕਿਸਤਾਨੀ ਫੌਜ ‘ਤੇ ਭਾਰੀ ਦਬਾਅ ਪੈ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜੀ ਕਮਾਂਡਰ ਸਪੱਸ਼ਟ ਨਿਰਦੇਸ਼ ਦੇਣ ਵਿੱਚ ਅਸਫਲ ਰਹੇ ਹਨ, ਜਿਸ ਕਾਰਨ ਫੌਜਾਂ ਵਿੱਚ ਭੰਬਲਭੂਸਾ ਅਤੇ ਤਣਾਅ ਵੱਧ ਹੈ। ਮਨਮਾਨੇ ਢੰਗ ਨਾਲ ਇੱਕ ਕੋਰ ਤੋਂ ਦੂਜੀ ਕੋਰ ਨੂੰ ਰਿਪੋਰਟਿੰਗ ਦੇ ਆਰਡਰ ਦਿੱਤੇ ਜਾ ਰਹੇ ਹਨ, ਅਤੇ ਚੁਣ-ਚੁਣ ਕੇ ਅਫਸਰਾਂ ਅਤੇ ਸੈਨਿਕਾਂ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ। ਇਸ ਨਾਲ ਸੈਨਿਕਾਂ ਵਿੱਚ ਅਸੰਤੁਸ਼ਟੀ ਅਤੇ ਮਾਨਸਿਕ ਦਬਾਅ ਵੱਧ ਗਿਆ ਹੈ।
ਪਾਕਿਸਤਾਨੀ ਫੌਜ ਵਿੱਚ ਅਸਤੀਫ਼ਿਆਂ ਦਾ ਦੌਰ…
ਪਿਛਲੇ ਹਫ਼ਤੇ, ਭਾਰਤ-ਪਾਕਿ ਤਣਾਅ ਦੇ ਵਿਚਕਾਰ, ਪਾਕਿਸਤਾਨੀ ਫੌਜ ਹੈੱਡਕੁਆਰਟਰ ਨੇ ਕਵੇਟਾ ਅਤੇ ਬਲੋਚਿਸਤਾਨ ਵਿੱਚ ਤਾਇਨਾਤ 12ਵੀਂ ਕੋਰ ਸਮੇਤ ਹੋਰ ਕੋਰ ਦੇ ਫੌਜੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਤੁਰੰਤ 11ਵੀਂ ਕੋਰ ਨੂੰ ਰਿਪੋਰਟ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। 11ਵੀਂ ਕੋਰ, ਜਿਸਦੀ ਕਮਾਨ ਲੈਫਟੀਨੈਂਟ ਜਨਰਲ ਉਮਰ ਅਹਿਮਦ ਬੁਖਾਰੀ ਕਰਦੇ ਹਨ, ਮੁੱਖ ਤੌਰ ‘ਤੇ ਭਾਰਤ-ਪਾਕਿ ਸਰਹੱਦ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਬੁਖਾਰੀ 2024 ਤੋਂ ਇਸ ਕੋਰ ਦੀ ਅਗਵਾਈ ਕਰ ਰਹੇ ਹਨ। 26 ਅਪ੍ਰੈਲ 2025 ਨੂੰ, ਜਦੋਂ ਬੁਖਾਰੀ ਨੇ ਦੂਜੀਆਂ ਕੋਰਾਂ ਤੋਂ ਆਏ ਸੈਨਿਕਾਂ ਦੀ ਹਾਲਤ ਦੀ ਜਾਂਚ ਕੀਤੀ, ਤਾਂ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ। ਲਗਭਗ 100 ਫੌਜੀ ਅਧਿਕਾਰੀਆਂ ਅਤੇ 500 ਤੋਂ ਵੱਧ ਹੇਠਲੇ ਰੈਂਕ ਦੇ ਸੈਨਿਕਾਂ ਨੇ ਆਪਣੇ ਅਸਤੀਫ਼ੇ ਸੌਂਪ ਦਿੱਤੇ ਸਨ, ਜਿਸ ਦੇ ਚੱਲਦਿਆਂ 11ਵੀਂ ਕੋਰ ਵਿੱਚ ਸੈਨਾ ਬਲ ਦੀ ਭਾਰੀ ਘਾਟ ਪੈਦਾ ਹੋ ਗਈ।
ਕਿਉਂ ਦੇ ਰਹੇ ਅਸਤੀਫ਼ਾ ?
ਅਸਤੀਫ਼ਾ ਦੇਣ ਵਾਲਿਆਂ ਨੇ ਮੁੱਖ ਕਾਰਨਾਂ ਵਿੱਚ ਫੌਜੀ ਕਮਾਂਡਰਾਂ ਦੇ ਵਾਰ-ਵਾਰ ਬਦਲਦੇ ਆਦੇਸ਼ , ਮਾਨਸਿਕ ਥਕਾਵਟ ਅਤੇ ਪਰਿਵਾਰ ‘ਤੇ ਵਧਦੇ ਦਬਾਅ ਨੂੰ ਦੱਸਿਆ। ਇਸ ਸੰਕਟ ਦਾ ਅਸਰ ਸਿੱਧੇ ਤੌਰ ‘ਤੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਦਿਖਾਈ ਦੇ ਰਿਹਾ ਹੈ, ਜਿੱਥੇ ਪੈਦਲ ਸੈਨਾ ਰੈਜੀਮੈਂਟ, ਉੱਤਰੀ ਖੇਤਰ ਦੀ ਪਹਾੜੀ ਬਟਾਲੀਅਨ ਅਤੇ ਫਰੰਟ ਲਾਈਨ ‘ਤੇ ਤਾਇਨਾਤ ਤੋਪਖਾਨਾ ਰੈਜੀਮੈਂਟ ਵਿੱਚ ਸੈਨਿਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ।
ਲੈਫਟੀਨੈਂਟ ਜਨਰਲ ਬੁਖਾਰੀ ਨੇ ਇਸ ਗੰਭੀਰ ਸਥਿਤੀ ਬਾਰੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਜਾਣਕਾਰੀ ਦਿੱਤੀ। ਇਸ ਦੇ ਜਵਾਬ ਵਿੱਚ, ਫੌਜ ਹੈੱਡਕੁਆਰਟਰ ਨੇ ਸਖ਼ਤ ਰੁਖ਼ ਅਪਣਾਇਆ ਅਤੇ ਕਿਹਾ ਕਿ ਇਸ ਸੰਕਟ ਦੌਰਾਨ ਅਸਤੀਫ਼ੇ ਸਵੀਕਾਰ ਨਹੀਂ ਕੀਤੇ ਜਾਣਗੇ ਕਿਉਂਕਿ ਇਹ ਫੌਜੀ ਨਿਯਮਾਂ ਦੀ ਉਲੰਘਣਾ ਹੈ। ਅਸਤੀਫ਼ਾ ਦੇਣ ਵਾਲੇ ਅਧਿਕਾਰੀਆਂ ਅਤੇ ਸੈਨਿਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਹਾਲਾਂਕਿ, ਹੈੱਡਕੁਆਰਟਰ ਨੇ ਅਸਤੀਫ਼ਿਆਂ ਦੀ ਸਹੀ ਗਿਣਤੀ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਸਥਿਤੀ ਦੀ ਗੰਭੀਰਤਾ ਬਾਰੇ ਹੋਰ ਸਵਾਲ ਖੜ੍ਹੇ ਹੋ ਗਏ ਹਨ। ਇਹ ਸੰਕਟ ਪਾਕਿਸਤਾਨੀ ਫੌਜ ਦੇ ਅੰਦਰ ਡੂੰਘੀ ਅਸੰਤੋਸ਼, ਕਮਜ਼ੋਰ ਲੀਡਰਸ਼ਿਪ ਅਤੇ ਘੱਟ ਫੌਜੀ ਮਨੋਬਲ ਨੂੰ ਉਜਾਗਰ ਕਰਦਾ ਹੈ ।