ਪਬਲਿਕ WiFi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਅੱਜ ਦੇ ਸਮੇਂ ਵਿੱਚ, ਇੰਟਰਨੈੱਟ ਤੋਂ ਬਿਨਾਂ ਇੱਕ ਦਿਨ ਬਿਤਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਲਗਭਗ ਹਰ ਕਿਸੇ ਦੇ ਹੱਥ ਵਿੱਚ ਸਮਾਰਟਫੋਨ ਹੁੰਦਾ ਹੈ। ਅਕਸਰ, ਜਦੋਂ ਮੋਬਾਈਲ ਡਾਟਾ ਖਤਮ ਹੋ ਜਾਂਦਾ ਹੈ, ਤਾਂ ਉਪਭੋਗਤਾ ਆਪਣੇ ਫ਼ੋਨਾਂ ਨੂੰ ਪਬਲਿਕ ਵਾਈ-ਫਾਈ ਨੈੱਟਵਰਕ ਨਾਲ ਜੋੜਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪਬਲਿਕ WiFi ਦੀ ਵਰਤੋਂ ਤੁਹਾਨੂੰ ਖ਼ਤਰੇ ਵਿੱਚ ਪਾ ਸਕਦੀ ਹੈ? ਦਰਅਸਲ, ਕੇਂਦਰ ਸਰਕਾਰ ਨੇ ਸਾਰੇ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਪਬਲਿਕ ਵਾਈ-ਫਾਈ ਨੈੱਟਵਰਕ ਦੀ ਵਰਤੋਂ ਕਰਕੇ ਵਿੱਤੀ ਲੈਣ-ਦੇਣ ਅਤੇ ਕੋਈ ਵੀ ਸੰਵੇਦਨਸ਼ੀਲ ਗਤੀਵਿਧੀਆਂ ਨਾ ਕਰਨ।
ਕੇਂਦਰ ਸਰਕਾਰ ਨੇ ਕਿਹਾ ਕਿ ਹਵਾਈ ਅੱਡਿਆਂ, ਕੌਫੀ ਦੀਆਂ ਦੁਕਾਨਾਂ ਅਤੇ ਪਬਲਿਕ ਥਾਵਾਂ ‘ਤੇ ਮੁਫ਼ਤ ਪਬਲਿਕ ਵਾਈ-ਫਾਈ ਸੁਵਿਧਾਜਨਕ ਲੱਗ ਸਕਦਾ ਹੈ, ਪਰ ਇਹ ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਲਈ ਬਹੁਤ ਜੋਖਮ ਭਰਿਆ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪਬਲਿਕ ਵਾਈ-ਫਾਈ ਨੈੱਟਵਰਕ ਸਹੀ ਢੰਗ ਨਾਲ ਸੁਰੱਖਿਅਤ ਨਹੀਂ ਹਨ, ਜਿਸ ਕਾਰਨ ਇਹ ਹੈਕਰਾਂ ਅਤੇ ਸਕੈਮਰਾਂ ਲਈ ਆਸਾਨ ਨਿਸ਼ਾਨਾ ਬਣ ਜਾਂਦੇ ਹਨ। ਇਹ ਨਵਾਂ ਰੀਮਾਈਂਡਰ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਏਜੰਸੀ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਦੁਆਰਾ ਜਾਰੀ ਕੀਤਾ ਗਿਆ ਹੈ। ਐਡਵਾਈਜ਼ਰੀ ਵਿੱਚ, ਨਾਗਰਿਕਾਂ ਨੂੰ ਪਬਲਿਕ ਵਾਈ-ਫਾਈ ਨੈੱਟਵਰਕਾਂ ‘ਤੇ ਬੈਂਕਿੰਗ ਜਾਂ ਔਨਲਾਈਨ ਖਰੀਦਦਾਰੀ ਵਰਗੀਆਂ ਸੰਵੇਦਨਸ਼ੀਲ ਗਤੀਵਿਧੀਆਂ ਕਰਨ ਵਿਰੁੱਧ ਸਾਵਧਾਨ ਕੀਤਾ ਗਿਆ ਹੈ।
ਪਬਲਿਕ ਵਾਈ-ਫਾਈ ਵਿੱਚ ਸੁਰੱਖਿਆ ਦੀ ਘਾਟ
CERT-In ਨੇ ਕਿਹਾ ਕਿ ਸਾਈਬਰ ਅਪਰਾਧੀ ਪਬਲਿਕ Wi-Fi ‘ਤੇ ਅਸੁਰੱਖਿਅਤ ਕਨੈਕਸ਼ਨਾਂ ਨੂੰ ਆਸਾਨੀ ਨਾਲ ਹੈਕ ਕਰ ਸਕਦੇ ਹਨ, ਜਿਸ ਨਾਲ ਡੇਟਾ ਚੋਰੀ ਹੋ ਸਕਦਾ ਹੈ ਅਤੇ ਉਪਭੋਗਤਾਵਾਂ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ। ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਨੈੱਟਵਰਕਾਂ ਨਾਲ ਜੁੜੇ ਹੋਣ ‘ਤੇ ਲੈਣ-ਦੇਣ ਕਰਨ ਜਾਂ ਨਿੱਜੀ ਜਾਣਕਾਰੀ ਦਰਜ ਕਰਨ ਤੋਂ ਬਚਣ।
ਸਰਕਾਰੀ ਏਜੰਸੀ ਨੇ ਸੁਰੱਖਿਆ ਸੁਝਾਅ ਸਾਂਝੇ ਕੀਤੇ
ਆਪਣੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, CERT-IN ਨੇ ਕੁਝ ਮਹੱਤਵਪੂਰਨ ਸੁਰੱਖਿਆ ਅਭਿਆਸ ਨਾਲ ਸਬੰਧਤ ਸੁਝਾਅ ਵੀ ਸਾਂਝੇ ਕੀਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਅਣਜਾਣ ਸਰੋਤਾਂ ਤੋਂ ਲਿੰਕਾਂ ਜਾਂ ਅਟੈਚਮੈਂਟਾਂ ‘ਤੇ ਕਦੇ ਵੀ ਕਲਿੱਕ ਨਾ ਕਰੋ, ਸਾਰੇ ਔਨਲਾਈਨ ਖਾਤਿਆਂ ਲਈ ਲੰਬੇ ਅਤੇ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ ਅਤੇ ਨਿਯਮਿਤ ਤੌਰ ‘ਤੇ ਐਕਸਟਰਨਲ ਡਰਾਈਵ ‘ਤੇ ਮਹੱਤਵਪੂਰਨ ਫਾਈਲਾਂ ਦਾ ਬੈਕਅੱਪ ਲਓ। ਸਰਕਾਰੀ ਏਜੰਸੀ ਨੇ ਕਿਹਾ ਕਿ ਜੇਕਰ ਸਹੀ ਸਾਵਧਾਨੀ ਨਾ ਵਰਤੀ ਜਾਵੇ ਤਾਂ ਈਮੇਲ ਚੈੱਕ ਕਰਨ ਜਾਂ ਪਬਲਿਕ ਵਾਈ-ਫਾਈ ‘ਤੇ ਸੋਸ਼ਲ ਮੀਡੀਆ ਖਾਤਿਆਂ ਵਿੱਚ ਲੌਗਇਨ ਕਰਨ ਵਰਗੀਆਂ ਸਧਾਰਨ ਗਤੀਵਿਧੀਆਂ ਵੀ ਜੋਖਮ ਭਰੀਆਂ ਹੋ ਸਕਦੀਆਂ ਹਨ।