LSG 12 ਦੌੜਾਂ ਨਾਲ ਜਿੱਤਿਆ ਪਰ ਸਲੋਅ ਓਵਰ ਲਈ ਰਿਸ਼ਭ ਪੰਤ ਨੂੰ 12 ਲੱਖ ਤੇ ਰਾਠੀ ਨੂੰ ਲੱਗਾ ਮੈਚ ਫ਼ੀਸ ਦਾ 50% ਜੁਰਮਾਨਾ

ਮੁੰਬਈ ਇੰਡੀਅਨਜ਼ ‘ਤੇ ਜਿੱਤ ਦਾ ਜਸ਼ਨ ਮਨਾ ਰਹੇ ਲਖਨਊ ਸੁਪਰਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਅਤੇ ਦਿਗਵੇਸ਼ ਰਾਠੀ ਨੂੰ ਵੱਡਾ ਝਟਕਾ ਲੱਗਾ ਹੈ। ਆਈਪੀਐਲ 2025 ਦੇ ਇਸ ਮੈਚ ਤੋਂ ਬਾਅਦ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਜੁਰਮਾਨਾ ਲਗਾਇਆ ਗਿਆ ਹੈ। ਲਖਨਊ ਸੁਪਰਜਾਇੰਟਸ ਨੇ ਇਹ ਮੈਚ 12 ਦੌੜਾਂ ਨਾਲ ਜਿੱਤਿਆ। ਇਹ ਲਖਨਊ ਦੀ ਮੁੰਬਈ ਇੰਡੀਅਨਜ਼ ‘ਤੇ ਛੇਵੀਂ ਜਿੱਤ ਹੈ। ਲਖਨਊ ਸੁਪਰਜਾਇੰਟਸ (LSG) ਅਤੇ ਮੁੰਬਈ ਇੰਡੀਅਨਜ਼ (MI) ਸ਼ੁੱਕਰਵਾਰ ਨੂੰ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਏ। ਇਸ ਮੈਚ ਵਿੱਚ, ਲਖਨਊ ਸੁਪਰਜਾਇੰਟਸ ਨਿਰਧਾਰਤ ਸਮੇਂ ਤੋਂ ਇੱਕ ਓਵਰ ਘੱਟ ਗੇਂਦਬਾਜ਼ੀ ਕਰ ਪਾਈ ਸੀ। ਇਸ ਕਾਰਨ, 20ਵੇਂ ਓਵਰ ਵਿੱਚ ਲਖਨਊ ਕੋਲ 30 ਗਜ਼ ਦੇ ਘੇਰੇ ਦੇ ਅੰਦਰ ਇੱਕ ਵਾਧੂ ਫੀਲਡਰ ਸੀ। ਹਾਲਾਂਕਿ, ਇਸ ਦੇ ਬਾਵਜੂਦ ਲਖਨਊ ਨੇ ਮੈਚ ਜਿੱਤ ਲਿਆ, ਪਰ ਕਪਤਾਨ ਰਿਸ਼ਭ ਪੰਤ ਇਸ ਗਲਤੀ ਦੀ ਸਜ਼ਾ ਤੋਂ ਨਹੀਂ ਬਚ ਸਕੇ।
ਸਲੋਅ ਓਵਰ ਰੇਟ ਲਈ ਜ਼ਿੰਮੇਵਾਰ ਹੁੰਦਾ ਹੈ ਕਪਤਾਨ
ਰਿਸ਼ਭ ਪੰਤ ਨੂੰ ਐਲਐਸਐਲ ਦੀ ਸਲੋਏ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਆਈਪੀਐਲ ਦੇ ਆਚਾਰ ਸੰਹਿਤਾ ਤਹਿਤ ਉਸ ਦੀ ਪਹਿਲੀ ਉਲੰਘਣਾ ਹੈ। ਆਚਾਰ ਸੰਹਿਤਾ ਦੇ ਅਨੁਛੇਦ 2.22 ਦੇ ਅਨੁਸਾਰ, ਜੇਕਰ ਕੋਈ ਟੀਮ ਨਿਰਧਾਰਤ ਸਮੇਂ ਵਿੱਚ ਸਾਰੇ ਓਵਰ ਸੁੱਟਣ ਵਿੱਚ ਅਸਫਲ ਰਹਿੰਦੀ ਹੈ, ਤਾਂ ਕਪਤਾਨ ਇਸ ਲਈ ਜ਼ਿੰਮੇਵਾਰ ਹੁੰਦਾ ਹੈ।
ਰਿਸ਼ਭ ਪੰਤ ਤੋਂ ਇਲਾਵਾ, ਦਿਗਵੇਸ਼ ਰਾਠੀ ਨੂੰ ਵੀ ਆਈਪੀਐਲ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ ਰਾਠੀ ‘ਤੇ ਉਸ ਦੀ ਮੈਚ ਫੀਸ ਦਾ 50% ਜੁਰਮਾਨਾ ਲਗਾਇਆ ਗਿਆ ਹੈ। ਇਸ ਤਰ੍ਹਾਂ ਨੌਜਵਾਨ ਲੈੱਗ ਸਪਿਨਰ ਨੂੰ 3.75 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਮਨ ਧੀਰ ਨੂੰ ਆਊਟ ਕਰਨ ਤੋਂ ਬਾਅਦ ਰਾਠੀ ਨੇ ਨੋਟਬੁੱਕ ਸਟਾਈਲ ਵਿੱਚ ਦਸਤਖਤ ਕਰਕੇ ਜਸ਼ਨ ਮਨਾਇਆ। ਹਾਲਾਂਕਿ, ਉਸਦੇ ਜਸ਼ਨ ਤੋਂ ਤੁਰੰਤ ਬਾਅਦ, ਕਮੈਂਟੇਟਰਾਂ ਵਿੱਚ ਇਸ ਬਾਰੇ ਬਹਿਸ ਸ਼ੁਰੂ ਹੋ ਗਈ ਕਿ ਇਹ ਜਸ਼ਨ ਕਿੰਨਾ ਢੁਕਵਾਂ ਸੀ। ਹਰਭਜਨ ਸਿੰਘ ਨੇ ਕਿਹਾ ਕਿ ਜਦੋਂ ਰਾਠੀ ਨੇ ਇਸ ਦਾ ਜਸ਼ਨ ਮਨਾਇਆ, ਉਹ ਬੱਲੇਬਾਜ਼ ਤੋਂ ਬਹੁਤ ਦੂਰ ਸੀ। ਇਸ ਲਈ, ਅਜਿਹੇ ਜਸ਼ਨਾਂ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
30 ਲੱਖ ਰੁਪਏ ਵਿੱਚ ਖਰੀਦਿਆ ਹੈ ਐਲਐਸਜੀ ਨੇ ਰਾਠੀ
ਦਿਗਵੇਸ਼ ਰਾਠੀ ਨੂੰ 30 ਲੱਖ ਰੁਪਏ ਦੀ ਬੋਲੀ ਲਗਾ ਕੇ ਲਖਨਊ ਸੁਪਰਜਾਇੰਟਸ ਟੀਮ ਵਿੱਚ ਸ਼ਾਮਲ ਕੀਤਾ ਗਿਆ। ਇਹ ਇਸ ਸੀਜ਼ਨ ਵਿੱਚ ਰਾਠੀ ਦਾ ਆਰਟੀਕਲ 2.5 ਦੇ ਤਹਿਤ ਦੂਜੀ ਲੈਵਲ 1 ਉਲੰਘਣਾ ਹੈ। ਦਿਗਵੇਸ਼ ਰਾਠੀ ਨੂੰ ਪਹਿਲਾਂ 1 ਅਪ੍ਰੈਲ, 2025 ਨੂੰ ਪੰਜਾਬ ਕਿੰਗਜ਼ ਵਿਰੁੱਧ ਐਲਐਸਜੀ ਮੈਚ ਵਿੱਚ ਇੱਕ ਡੀਮੈਰਿਟ ਪੁਆਇੰਟ ਮਿਲਿਆ ਸੀ। ਹੁਣ ਉਸ ਦੇ ਕੁੱਲ ਡੀਮੈਰਿਟ ਪੁਆਇੰਟ ਦੋ ਹੋ ਗਏ ਹਨ।