ਭਰੀ ਟਰੇਨ ‘ਚ ਪਟਾਕਿਆਂ ਨਾਲ ਭਰੀ ਬਾਲਟੀ ਲੈ ਕੇ ਜਾ ਰਿਹਾ ਸੀ ਸ਼ਖਸ, ਫਿਰ ਹੋਇਆ ਅਜਿਹਾ ਕੁਝ, ਮਚ ਗਈ ਹਫੜਾ-ਦਫੜੀ

ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਪੰਜਾਬ ਮੇਲ ਵਿੱਚ ਅਚਾਨਕ ਧਮਾਕਾ ਹੋਣ ਤੋਂ ਬਾਅਦ ਦਹਿਸ਼ਤ ਫੈਲ ਗਈ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਤਿੰਨ ਪੁਰਸ਼ ਅਤੇ ਇੱਕ ਮਹਿਲਾ ਯਾਤਰੀ ਸ਼ਾਮਲ ਹੈ।
ਛੱਠ ਕਾਰਨ ਅੰਮ੍ਰਿਤਸਰ ਤੋਂ ਹਾਵੜਾ ਵਾਇਆ ਯੂਪੀ-ਬਿਹਾਰ ਜਾਣ ਵਾਲੀ ਇਹ ਟਰੇਨ ਪੂਰੀ ਤਰ੍ਹਾਂ ਨਾਲ ਭਰੀ ਹੋਈ ਸੀ। ਟਰੇਨ ਦੀ ਜਨਰਲ ਕਲਾਸ ਬੋਗੀ ਵਿੱਚ ਪਟਾਕਿਆਂ ਨਾਲ ਭਰੀ ਪਲਾਸਟਿਕ ਦੀ ਬਾਲਟੀ ਵੀ ਰੱਖੀ ਗਈ ਸੀ। ਇਹ ਟਰੇਨ ਸ਼ਨੀਵਾਰ ਰਾਤ ਕਰੀਬ 10.30 ਵਜੇ ਫਤਿਹਗੜ੍ਹ ਜ਼ਿਲੇ ਦੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਨਾਲ ਟਰੇਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਟਰੇਨ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਖੁਸ਼ਕਿਸਮਤੀ ਨਾਲ ਸਿਰਫ ਚਾਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਜ਼ਖਮੀਆਂ ਦੀ ਪਛਾਣ ਅਜੈ ਕੁਮਾਰ ਅਤੇ ਉਸ ਦੀ ਪਤਨੀ ਸੰਗੀਤਾ ਕੁਮਾਰੀ ਵਾਸੀ ਭੋਜਪੁਰ, ਬਿਹਾਰ, ਸੋਨੂੰ ਕੁਮਾਰ ਵਾਸੀ ਨਵਾਦਾ ਅਤੇ ਆਸ਼ੂਤੋਸ਼ ਪਾਲ ਵਾਸੀ ਬਹਿਰਾਇਚ, ਯੂ.ਪੀ. ਹੈ।
ਜ਼ਖਮੀਆਂ ਨੂੰ ਇਲਾਜ ਲਈ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਕੰਵਲਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੂਜੇ ਪਾਸੇ ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰੇਲਗੱਡੀ ਵਿੱਚ ਪਟਾਕਿਆਂ ਨਾਲ ਭਰੀ ਇੱਕ ਬਾਲਟੀ ਸੀ ਜਿਸ ਵਿੱਚ ਅਚਾਨਕ ਧਮਾਕਾ ਹੋ ਗਿਆ। ਇਸ ਘਟਨਾ ਦੀ ਜਾਂਚ ਜਾਰੀ ਹੈ।